ਕਰਨਲ ਪੁਸ਼ਪਿੰਦਰ ਸਿੰਘ ਬਾਠ ‘ਤੇ ਹਮਲੇ ਦੇ ਮਾਮਲੇ ਵਿੱਚ ਇੱਕ ਵੱਡਾ ਅਪਡੇਟ ਆਇਆ ਹੈ। ਪੰਜਾਬ ਦੇ 4 ਪੁਲਿਸ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਸੁਪਰੀਮ ਕੋਰਟ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਨੂੰ ਬਰਕਰਾਰ ਰੱਖਦੇ ਹੋਏ ਸੀਬੀਆਈ ਜਾਂਚ ਦੇ ਆਦੇਸ਼ ਦਿੱਤੇ ਹਨ।
ਦੱਸ ਦੇਈਏ ਕਿ ਪੁਲਿਸ ਅਧਿਕਾਰੀਆਂ ‘ਤੇ ਫੌਜ ਦੇ ਕਰਨਲ ‘ਤੇ ਹਮਲਾ ਕਰਨ ਦਾ ਦੋਸ਼ ਹੈ। ਜਸਟਿਸ ਸੰਜੇ ਕੁਮਾਰ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਪੁਲਿਸ ਅਧਿਕਾਰੀਆਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ, ਜਿਸ ਕਾਰਨ ਹੁਣ ਉਨ੍ਹਾਂ ਵਿਰੁੱਧ ਸੀਬੀਆਈ ਜਾਂਚ ਦਾ ਰਸਤਾ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ।
ਪਟੀਸ਼ਨ ਨੂੰ ਰੱਦ ਕਰਦੇ ਹੋਏ ਜਸਟਿਸ ਸੰਜੇ ਕੁਮਾਰ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਮੁਲਾਜ਼ਮਾਂ ਨੂੰ ਝਾੜ ਪਾਉਂਦਿਆਂ ਸਖਤ ਲਹਿਜ਼ੇ ਵਿੱਚ ਕਿਹਾ ਕਿ”ਤੁਸੀਂ ਜੰਗ ਦੌਰਾਨ ਫੌਜੀਆਂ ਦੀ ਸ਼ਲਾਘਾ ਕਰਦੇ ਹੋ, ਪਰ ਸ਼ਾਂਤੀ ਵੇਲੇ ਉਨ੍ਹਾਂ ਦਾ ਅਪਮਾਨ ਕਰਦੇ ਹੋ। ਉਹ ਦੇਸ਼ ਦੀ ਰੱਖਿਆ ਕਰਨ ਤੋਂ ਬਾਅਦ ਤਿਰੰਗੇ ਵਿੱਚ ਲਿਪਟੇ ਪਹੁੰਚਦੇ ਹਨ।” ਜਸਟਿਸ ਸ਼ਰਮਾ ਨੇ ਕਿਹਾ ਕਿ ਤੁਸੀਂ ਘਰ ਵਿੱਚ ਆਰਾਮ ਨਾਲ ਸੌਂਦੇ ਹੋ ਕਿਉਂਕਿ ਉਹ -40 ਡਿਗਰੀ ਵਿੱਚ ਸਰਹੱਦ ‘ਤੇ ਤਾਇਨਾਤ ਹਨ। ਐਫਆਈਆਰ ਵਿੱਚ 8 ਦਿਨਾਂ ਦੀ ਦੇਰੀ? ਤੁਹਾਡੇ ਐਸਐਸਪੀ ਕਹਿੰਦੇ ਹਨ ਕਿ ਗ੍ਰਿਫ਼ਤਾਰੀ ਇਸ ਲਈ ਨਹੀਂ ਕੀਤੀ ਜਾ ਰਹੀ ਕਿਉਂਕਿ ਦੋਸ਼ੀ ਪੁਲਿਸ ਵਾਲੇ ਹਨ! ਇਹ ਕਾਨੂੰਨ ਦਾ ਮਜ਼ਾਕ ਹੈ।” ਜਸਟਿਸ ਸੰਜੇ ਕੁਮਾਰ ਨੇ ਕਿਹਾ: “ਜੇ ਤੁਸੀਂ ਕੁਝ ਗਲਤ ਨਹੀਂ ਕੀਤਾ ਹੈ, ਤਾਂ ਫਿਰ ਸੁਤੰਤਰ ਜਾਂਚ ਤੋਂ ਕਿਉਂ ਡਰਦੇ ਹੋ?”
ਦੱਸ ਦੇਈਏ ਕਿ ਜਦੋਂ ਪੀੜਤ ਫੌਜੀ ਅਧਿਕਾਰੀ ਨੂੰ ਸਥਾਨਕ ਪੁਲਿਸ ਤੋਂ ਇਨਸਾਫ਼ ਮਿਲਣ ਦੀ ਕੋਈ ਉਮੀਦ ਨਹੀਂ ਦਿਖਾਈ ਦਿੱਤੀ ਤਾਂ ਉਸਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਹਾਈ ਕੋਰਟ ਨੇ ਪਹਿਲਾਂ ਜਾਂਚ ਦਾ ਕੰਮ ਚੰਡੀਗੜ੍ਹ ਪੁਲਿਸ ਦੇ ਆਈਪੀਐਸ ਅਧਿਕਾਰੀ ਮਨਜੀਤ (ਐਸਪੀ, ਯੂਟੀ) ਨੂੰ ਸੌਂਪਿਆ ਅਤੇ ਚਾਰ ਮਹੀਨਿਆਂ ਵਿੱਚ ਜਾਂਚ ਪੂਰੀ ਕਰਨ ਦੇ ਹੁਕਮ ਦਿੱਤੇ। ਪਰ ਇਸ ਹੁਕਮ ਤੋਂ ਬਾਅਦ ਵੀ ਕਿਸੇ ਵੀ ਦੋਸ਼ੀ ਪੁਲਿਸ ਵਾਲੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਸ ‘ਤੇ ਹਾਈ ਕੋਰਟ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਜਾਂਚ ਨਿਰਪੱਖ ਨਹੀਂ ਜਾਪਦੀ ਅਤੇ 16 ਜੁਲਾਈ ਦੇ ਆਪਣੇ ਹੁਕਮ ਵਿੱਚ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ।