ਇਮਰਾਨ ਦਾ ਐਲਾਨ
ਪਾਕਿ ਪ੍ਰਧਾਨ ਮੰਤਰੀ ਨੇ ਖ਼ਦਸ਼ੇ ਦੂਰ ਕੀਤੇ;
ਪੂਰੀ ਦੁਨੀਆ ਤੋਂ ਸਿੱਖ ਸੰਗਤ ਆਉਣ ਪ੍ਰਤੀ ਆਸਵੰਦ

ਲਾਹੌਰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਮੁਲਕ ਚਿਰਾਂ ਤੋਂ ਉਡੀਕੇ ਜਾ ਰਹੇ ਕਰਤਾਰਪੁਰ ਲਾਂਘੇ ਨੂੰ 9 ਨਵੰਬਰ ਨੂੰ ਖੋਲ੍ਹੇ ਦੇਵੇਗਾ। ਖ਼ਾਨ ਨੇ ਫੇਸਬੁੱਕ ’ਤੇ ਲਿਖਿਆ ‘ਪਾਕਿਸਤਾਨ ਦੁਨੀਆ ਭਰ ਦੇ ਸਿੱਖਾਂ ਲਈ ਆਪਣੇ ਦਰਵਾਜ਼ੇ ਖੋਲ੍ਹਣ ਲਈ ਪੂਰੀ ਤਰ੍ਹਾਂ ਤਿਆਰ ਹੈ, ਕਰਤਾਰਪੁਰ ਲਾਂਘੇ ਦਾ ਕੰਮ ਆਖ਼ਰੀ ਗੇੜ ਵਿਚ ਹੈ। ਉਸ ਨੂੰ ਨੌਂ ਨਵੰਬਰ ਨੂੰ ਸੰਗਤ ਲਈ ਖੋਲ੍ਹ ਦਿੱਤਾ ਜਾਵੇਗਾ। ਇਹ ਐਲਾਨ ਕਰ ਕੇ ਇਮਰਾਨ ਨੇ ਜਤਾਏ ਜਾ ਰਹੇ ਉਹ ਸਾਰੇ ਖ਼ਦਸ਼ੇ ਦੂਰ ਕਰ ਦਿੱਤੇ ਹਨ ਜਿਨ੍ਹਾਂ ਵਿਚ ਕਿਹਾ ਜਾ ਰਿਹਾ ਸੀ ਕਿ ਕੀ 12 ਨਵੰਬਰ ਨੂੰ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਂਘਾ ਖੋਲ੍ਹਿਆ ਜਾਵੇਗਾ ਕਿ ਨਹੀਂ। ਪਾਕਿ ਪ੍ਰਧਾਨ ਮੰਤਰੀ ਇਮਰਾਨ ਨੇ ਕਿਹਾ ਕਿ ਗੁਰਦੁਆਰੇ ਵਿਚ ਭਾਰਤ ਤੇ ਸੰਸਾਰ ਦੇ ਕਈ ਹਿੱਸਿਆਂ ਤੋਂ ਸਿੱਖ ਆਉਣਗੇ। ਇਹ ਸਿੱਖਾਂ ਲਈ ਇਕ ਵੱਡਾ ਧਾਰਮਿਕ ਕੇਂਦਰ ਬਣ ਜਾਵੇਗਾ ਤੇ ਇਸ ਨਾਲ ਸਥਾਨਕ ਅਰਥਵਿਵਸਥਾ ਵੀ ਮਜ਼ਬੂਤ ਹੋਵੇਗੀ।
ਮੁਲਕ ਵਿਚ ਵਿਦੇਸ਼ੀ ਕਰੰਸੀ ਆਵੇਗੀ ਤੇ ਯਾਤਰਾ ਅਤੇ ਮਹਿਮਾਨ ਨਿਵਾਜ਼ੀ ਸਣੇ ਵੱਖ-ਵੱਖ ਖੇਤਰਾਂ ਵਿਚ ਨੌਕਰੀਆਂ ਪੈਦਾ ਹੋਣਗੀਆਂ। ਇਮਰਾਨ ਨੇ ਕਿਹਾ ਕਿ ਪਾਕਿ ਵਿਚ ਧਾਰਮਿਕ ਸੈਰ-ਸਪਾਟਾ ਵੱਧ ਰਿਹਾ ਹੈ। ਪਹਿਲਾਂ ਬੌਧੀ ਭਿਕਸ਼ੂ ਧਾਰਮਿਕ ਰੀਤੀ-ਰਿਵਾਜਾਂ ਲਈ ਆਏ ਸਨ ਤੇ ਹੁਣ ਲਾਂਘਾ ਖੋਲ੍ਹਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਸ ਅਕਤੂਬਰ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਕਿਹਾ ਸੀ ਕਿ ਲਾਂਘਾ ਖੋਲ੍ਹਣ ਲਈ ਹਾਲੇ ਤੱਕ ਕੋਈ ਤਾਰੀਕ ਤੈਅ ਨਹੀਂ ਕੀਤੀ ਗਈ ਹੈ। ਲਾਂਘਾ ਪ੍ਰਾਜੈਕਟ ਦੀ ਅਗਵਾਈ ਕਰ ਰਹੇ ਇਕ ਹੋਰ ਸੀਨੀਅਰ ਪਾਕਿ ਅਧਿਕਾਰੀ ਨੇ ਵੀ ਇਸ ਦੇ 9 ਨਵੰਬਰ ਨੂੰ ਖੁੱਲ੍ਹਣ ਦੀ ਪੁਸ਼ਟੀ ਕੀਤੀ ਹੈ। ਤਜਵੀਜ਼ਤ ਲਾਂਘਾ ਕਰਤਾਰਪੁਰ (ਪਾਕਿਸਤਾਨ) ਦੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਜ਼ਿਲ੍ਹਾ ਗੁਰਦਾਸਪੁਰ (ਭਾਰਤ) ਦੇ ਡੇਰਾ ਬਾਬਾ ਨਾਨਕ ਕਸਬੇ ਨਾਲ ਜੋੜੇਗਾ। ਇਸ ਨਾਲ ਭਾਰਤੀ ਸ਼ਰਧਾਲੂ ਬਿਨਾਂ ਵੀਜ਼ਾ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣਗੇ। ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਜਾਣ ਲਈ ਸਿਰਫ਼ ਇਕ ਪਰਮਿਟ ਲੈਣਾ ਪਵੇਗਾ। ਦੱਸਣਯੋਗ ਹੈ ਕਿ ਪਾਕਿਸਤਾਨ, ਭਾਰਤੀ ਸਰਹੱਦ ਤੋਂ ਗੁਰਦੁਆਰਾ ਦਰਬਾਰ ਸਾਹਿਬ ਤੱਕ ਲਾਂਘੇ ਦਾ ਨਿਰਮਾਣ ਕਰ ਰਹੀ ਹੈ ਜਦਕਿ ਸੂਬਾ ਪੰਜਾਬ ’ਚ ਪੈਂਦੇ ਕਸਬੇ ਡੇਰਾ ਬਾਬਾ ਨਾਨਕ ਤੋਂ ਸਰਹੱਦ ਤੱਕ ਲਾਂਘੇ ਦਾ ਦੂਜਾ ਹਿੱਸਾ ਭਾਰਤ ਬਣਾਏਗਾ।