ਬਟਾਲਾ, ਭਾਰਤ ਅਤੇ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਵਿਚਕਾਰ ਕਰਤਾਰਪੁਰ ਲਾਂਘੇ ਸਬੰਧੀ 4 ਸਤੰਬਰ ਨੂੰ ਕੌਮਾਂਤਰੀ ਸਰਹੱਦੀ ਚੌਕੀ ਅਟਾਰੀ ਵਿਖੇ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਇਸ ਮੌਕੇ ਦੋਵਾਂ ਦੇਸ਼ਾਂ ਦੇ ਉੱਚ ਅਧਿਕਾਰੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨਾਲ ਸਬੰਧਤ ਅਹਿਮ ਸਮਝੌਤਿਆਂ ’ਤੇ ਹਸਤਾਖ਼ਰ ਕਰਨਗੇ। ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ’ਚ ਲੱਗੀ ਕੰਪਨੀ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਭਾਰਤ ਤੋਂ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਤੋਂ ਇਲਾਵਾ, ਉਨ੍ਹਾਂ ਦੀ ਸੁਰੱਖਿਆ ਦੇ ਮੁੱਦੇ, ਆਉਣ- ਜਾਣ ਲਈ ਰਸਤਾ ਤੈਅ ਕਰਨਾ, ਸ਼ਰਧਾਲੂਆਂ ਦੇ ਜਾਣ ਲਈ ਲੋੜੀਂਦੇ ਦਸਤਾਵੇਜ਼ ਆਦਿ, ਬਾਰੇ ਵਿਸਥਾਰ ’ਚ ਗੱਲਬਾਤ ਹੋਵੇਗੀ। ਇੱਕ ਅਧਿਕਾਰੀ ਨੇ ਦੱਸਿਆ ਕਿ ਪਿਛਲੀਆਂ ਮੀਟਿੰਗਾਂ ਨਾਲੋਂ ਇਹ ਮੀਟਿੰਗ ਅਹਿਮ ਹੋਵੇਗੀ। ਮੀਟਿੰਗ ਵਿੱਚ ਗ੍ਰਹਿ ਵਿਭਾਗ ਤੋਂ ਸੰਯੁਕਤ ਸਕੱਤਰ, ਲੈਂਡ ਪੋਰਟ ਆਫ ਅਥਾਰਟੀ ਦੇ ਉੱਚ ਅਧਿਕਾਰੀ, ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਸੀਜੇਐੱਮ ਤੋਂ ਇਲਾਵਾ ਪੰਜਾਬ ਸਰਕਾਰ ਤੋਂ ਪੀ ਡਬਲਿਊ ਡੀ ਦੇ ਸਕੱਤਰ ਹੁਸਨ ਲਾਲ , ਬੀਐੱਸਐੱਫ ਦੇ ਆਈਜੀ, ਆਈਬੀ ਅਤੇ ਫੌਜ ਦੇ ਉੱਚ ਅਧਿਕਾਰੀ ਮੀਟਿੰਗ ਵਿੱਚ ਸ਼ਿਰਕਤ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਡੇਰਾ ਬਾਬਾ ਨਾਨਕ ਕੋਲ ਹੁਣ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਕਾਮਿਆਂ ਦੀ ਗਿਣਤੀ 300 ਤੋਂ ਵਧਾ ਕੇ 800 ਕਰ ਦਿੱਤੀ ਗਈ ਹੈ ਤਾਂ ਜੋ 30 ਅਕਤੂਬਰ ਤੱਕ ਲਾਂਘੇ ਦਾ ਕੰਮ ਮੁਕੰਮਲ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਵਾਹਗਾ ਸਰਹੱਦ ’ਤੇ ਦੋਵਾ ਦੇਸ਼ਾਂ ਦੇ ਉੱਚ ਅਧਿਕਾਰੀਆਂ ਦੀ ਇਹ ਤੀਸਰੀ ਮੀਟਿੰਗ ਹੋਵੇਗੀ। ਇਸ ਤੋਂ ਪਹਿਲਾਂ ਦੋ ਮੀਟਿੰਗਾਂ ਤਕਨੀਕੀ ਮਾਹਿਰਾਂ ਦੀਆਂ ਹੋਈਆਂ ਸਨ। ਤਿੰਨ ਦਿਨ ਪਹਿਲਾਂ ਡੇਰਾ ਬਾਬਾ ਨਾਨਕ ਕੌਮਾਂਤਰੀ ਸੀਮਾ ਕੋਲ ਜ਼ੀਰੋ ਲਾਈਨ ’ਤੇ ਤਕਨੀਕੀ ਮਾਹਿਰਾਂ ਦੀ ਮੀਟਿੰਗ ਹੋਈ ਸੀ। ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਮੌਕੇ ਨਵੰਬਰ ਦੇ ਪਹਿਲੇ ਹਫ਼ਤੇ ਭਾਰਤ ਤੋਂ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾਵੇਗਾ। ਪਹਿਲੇ ਜਥੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰੀ ਝੰਡੀ ਦਿਖਾਉਣਗੇ।