ਵਾਸ਼ਿੰਗਟਨ, 25 ਸਤੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵਿਸ਼ਵ ਭਰ ਦੇ ਲੋਕਾਂ ਲਈ ‘ਪ੍ਰੇਰਨਾ ਸਰੋਤ’ ਕਰਾਰ ਦਿੱਤਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਤੇ ਹੈਰਿਸ ਦੀ ਅਗਵਾਈ ਵਿੱਚ ਭਾਰਤ-ਅਮਰੀਕਾ ਦੁਵੱਲੇ ਸਬੰਧ ਨਵੀਆਂ ਬੁਲੰਦੀਆਂ ਨੂੰ ਛੂਹਣਗੇ। ਸ੍ਰੀ ਮੋਦੀ ਨੇ ਇਹ ਟਿੱਪਣੀਆਂ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਹੋਣ ਵਾਲੀ ਦੁਵੱਲੀ ਮੀਟਿੰਗ ਤੋਂ ਪਹਿਲਾਂ ਹੈਰਿਸ ਨਾਲ ਸਾਂਝੇ ਰੂਪ ਵਿੱਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੀਤੀਆਂ।

ਸ੍ਰੀ ਮੋਦੀ ਨੇ ਹੈਰਿਸ ਨੂੰ ਸੰਬੋਧਿਤ ਹੁੰਦਿਆਂ ਕਿਹਾ, ‘‘ਤੁਹਾਡਾ ਅਮਰੀਕਾ ਦੇ ਉਪ ਰਾਸ਼ਟਰਪਤੀ ਵਜੋਂ ਚੁਣਿਆ ਜਾਣਾ ਮਹੱਤਵਪੂਰਣ ਤੇ ਇਤਿਹਾਸਕ ਘਟਨਾ ਸੀ। ਤੁਸੀਂ ਕੁਲ ਆਲਮ ਲਈ ਪ੍ਰੇਰਨਾ ਦਾ ਸਰੋਤ ਹੋ।’’ ਹੈਰਿਸ(55) ਭਾਰਤੀ ਮੂਲ ਦੀ ਪਹਿਲੀ ਸ਼ਖ਼ਸੀਅਤ ਹੈ, ਜੋ ਅਮਰੀਕਾ ਦੀ ਉਪ ਰਾਸ਼ਟਰਪਤੀ ਬਣੀ ਹੈ। ਹੈਰਿਸ ਪਹਿਲੀ ਮਹਿਲਾ, ਪਹਿਲੀ ਸਿਆਹਫਾਮ ਅਮਰੀਕੀ ਤੇ ਪਹਿਲੀ ਦੱਖਣ ਏਸ਼ਿਆਈ ਅਮਰੀਕੀ ਹੈ, ਜੋ ਇਸ ਅਹੁਦੇ ਤੱਕ ਅੱਪੜੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਮੈਨੂੰ ਪੂਰਾ ਯਕੀਨ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਤੇ ਤੁਹਾਡੀ ਲੀਡਰਸ਼ਿਪ ਵਿੱਚ ਸਾਡੇ ਦੁਵੱਲੇ ਰਿਸ਼ਤੇ ਨਵੀਂ ਬੁਲੰਦੀਆਂ ਨੂੰ ਛੂਹਣਗੇ।’’ ਸ੍ਰੀ ਮੋਦੀ ਨੇ ਉਪ ਰਾਸ਼ਟਰਪਤੀ ਹੈਰਿਸ ਤੇ ਉਨ੍ਹਾਂ ਦੇ ਪਤੀ ਡਗਲਸ ਐਮਹੌਫ਼ ਨੂੰ ਭਾਰਤ ਆਉਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ, ‘‘ਤੁਹਾਡੇ ਜੇਤੂ ਸਫ਼ਰ ਨੂੰ ਜਾਰੀ ਰੱਖਦਿਆਂ ਭਾਰਤ ਦੇ ਲੋਕ ਚਾਹੁੰਦੇ ਹਨ ਕਿ ਤੁਸੀਂ ਇਸ ਸਫ਼ਰ ਨੂੰ ਭਾਰਤ ਵਿੱਚ ਵੀ ਜਾਰੀ ਰੱਖੋ। ਉਨ੍ਹਾਂ ਨੂੰ ਤੁਹਾਡੇ ਭਾਰਤ ਆਉਣ ਦੀ ਉਡੀਕ ਹੈ ਤੇ ਮੈਂ ਤੁਹਾਨੂੰ ਭਾਰਤ ਆਉਣ ਦਾ ਸੱਦਾ ਦਿੰਦਾ ਹਾਂ।’’ ਸ੍ਰੀ ਮੋਦੀ ਨੇ ਇਸ ਮੌਕੇ ਹੈਰਿਸ ਨਾਲ ਜੂਨ ਵਿੱਚ (ਫੋਨ ’ਤੇ) ਹੋਈ ਗੱਲਬਾਤ ਨੂੰ ਵੀ ਚੇਤੇ ਕੀਤਾ, ਜਦੋਂ ਭਾਰਤ ਵਿੱਚ ਮਹਾਮਾਰੀ ਦੀ ਦੂਜੀ ਲਹਿਰ ਸਿਖਰ ’ਤੇ ਸੀ। ਪ੍ਰਧਾਨ ਮੰਤਰੀ ਨੇ ਕਿਹਾ, ‘‘ਕੁਝ ਮਹੀਨੇ ਪਹਿਲਾਂ ਸਾਨੂੰ ਫੋਨ ’ਤੇ ਇਕ ਦੂਜੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਸੀ। ਉਸ ਵੇਲੇ ਅਸੀਂ ਤਫ਼ਸੀਲ ’ਚ ਵਿਚਾਰ ਚਰਚਾ ਕੀਤੀ ਸੀ ਤੇ ਜਿਸ ਨਿੱਘ ਤੇ ਸਹਿਜ ਨਾਲ ਤੁਸੀਂ ਮੇਰੇ ਨਾਲ ਗੱਲਬਾਤ ਕੀਤੀ, ਉਹ ਮੈਨੂੰ ਹਮੇਸ਼ਾ ਯਾਦ ਰਹੇਗੀ।’’ ‘‘ਉਹ ਕਾਫ਼ੀ ਮੁਸ਼ਕਲ ਸਮਾਂ ਸੀ। ਭਾਰਤੀ ਨੂੰ ਮਹਾਮਾਰੀ ਦੀ ਦੂਜੀ ਲਹਿਰ ਦਾ ਟਾਕਰਾ ਕਰਨਾ ਪੈ ਰਿਹਾ ਸੀ, ਪਰ ਤੁਸੀਂ ਇਕ ਪਰਿਵਾਰ ਵਜੋਂ ਬੜੇ ਨਿੱਘ ਨਾਲ ਮਦਦ ਦਾ ਹੱਥ ਵਧਾਇਆ।’’ ਸ੍ਰੀ ਮੋਦੀ ਨੇ ਕਿਹਾ, ‘‘ਤੁਸੀਂ ਮੇੇਰੇ ਨਾਲ ਗੱਲਬਾਤ ਕਰਨ ਮੌਕੇ ਜਿਨ੍ਹਾਂ ਸ਼ਬਦਾਂ ਦੀ ਚੋਣ ਕੀਤੀ, ਮੈਂ ਉਸ ਨੂੰ ਹਮੇਸ਼ਾ ਯਾਦ ਰੱਖਾਂਗਾ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।’’