ਡੇਰਾ ਬਾਬਾ ਨਾਨਕ, 14 ਜਨਵਰੀ

ਇੱਥੋਂ ਦੇ ਕੌਮਾਂਤਰੀ ਕਬੱਡੀ ਖਿਡਾਰੀ ਮਹਾਂਵੀਰ ਸਿੰਘ (29) ਪੁੱਤਰ ਬਲਵਿੰਦਰ ਸਿੰਘ ਦਾ ਬੀਤੀ ਸ਼ਾਮ ਸੰਖੇਪ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ। ਪੀੜਤ ਪਰਿਵਾਰ ਨੇ ਦੱਸਿਆ ਕਿ ਬੀਤੇ ਦਿਨ ਮਹਾਂਵੀਰ ਦੇ ਪੇਟ ਵਿੱਚ ਦਰਦ ਹੋਣ ਕਰਕੇ ਉਸ ਨੂੰ ਬਟਾਲਾ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਥੋਂ ਉਸ ਨੂੰ ਅੰਮ੍ਰਿਤਸਰ ਦੇ ਇੱਕ ਹੋਰ ਨਿੱਜੀ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਇਸ ਦੌਰਾਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਬਟਾਲਾ ਤੋਂ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਕੌਮਾਂਤਰੀ ਕਬੱਡੀ ਖਿਡਾਰੀ ਪੱਪੂ ਕੰਡੀਲਾ ਅਤੇ ਹੋਰ ਖੇਡ ਪ੍ਰੇਮੀਆਂ ਨੇ ਮਹਾਂਵੀਰ ਸਿੰਘ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ।