ਭੋਪਾਲ, 15 ਨਵੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਬਾਇਲੀਆਂ ਨੂੰ ਕਥਿਤ ਤੌਰ ’ਤੇ ਅਣਗੌਲਿਆਂ ਕਰਨ ਲਈ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕਬਾਇਲੀ ਖੇਤਰਾਂ ਦਾ ਵਿਕਾਸ ਯਕੀਨੀ ਬਦਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ‘ਪਿਛਲੀ’ ਸਰਕਾਰ ਸਮੇਂ ਪੱਛੜੇ ਰਹੇ। ਮੋਦੀ ਨੇ ਬਿਰਸਾ ਮੁੰਡਾ ਦੀ ਜਯੰਤੀ ’ਤੇ ਇਥੇ ‘ਜਨਜਾਤੀ ਗੌਰਵ ਦਿਵਸ’ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਬਾਇਲੀਆਂ ਨੂੰ ਉਨ੍ਹਾਂ ਦਾ ਹੱਕ ਨਹੀਂ ਦਿੱਤਾ ਅਤੇ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰੱਖਿਆ। ਉਨ੍ਹਾਂ ਕਿਹਾ ਕਿ ਕਬਾਇਲੀ ਸਮਾਜ ਹੁਣ ਮੁਲਕ ਦੇ ਵਿਕਾਸ ਵਿੱਚ ਭਾਈਵਾਲ ਹੈ ਅਤੇ ਭਾਜਪਾ ਸਰਕਾਰ ਵੱਲੋਂ ਸੁ਼ਰੂ ਕੀਤੀਆਂ ਗਈਆਂ ਵੱਖ ਵੱਖ ਭਲਾਈ ਯੋਜਨਾਵਾਂ ਦਾ ਲਾਭ ਲੈ ਰਿਹਾ ਹੈ। ਕੇਂਦਰ ਸਕਰਾਰ 15 ਨਵੰਬਰ ਨੂੰ ਜਨਜਾਤੀ ਗੌਰਵ ਦਿਵਸ ਵਜੋਂ ਕਬਾਇਲੀ ਆਗੂ ਬਿਰਸਾ ਮੁੰਡਾ ਦੀ ਜਯੰਤੀ ਮਨਾ ਰਹੀ ਹੈ। ਮੋਦੀ ਨੇ ਕਿਹਾ, ‘ ਅੰਬੇਦਕਰ ਜਯੰਤੀ, ਗਾਂਧੀ ਜਯੰਤੀ ਅਤੇ ਇਸ ਤਰ੍ਹਾਂ ਦੇ ਹੋਰਨਾਂ ਦਿਨਾਂ ਵਾਂਗ, ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਵੀ ਹਰ ਵਰ੍ਹੇ 15 ਨਵੰਬਰ ਨੂੰ ਮਨਾਈ ਜਾਵੇਗੀ।’