ਨਵੀਂ ਦਿੱਲੀ, 3 ਜਨਵਰੀ
ਰਾਜਨੀਤੀ ਦੇ ਅਖਾੜੇ ’ਚ ਪੈਰ ਧਰ ਚੁੱਕੇ ਪੇਸ਼ੇਵਰ ਮੁੱਕੇਬਾਜ਼ ਵਿਜੇਂਦਰ ਸਿੰਘ ਪਿਛਲੇ ਪੰਜ ਸਾਲਾਂ ’ਚ ਪੇਸ਼ੇਵਰ ਮੁੱਕੇਬਾਜ਼ੀ ’ਚ ਕੋਈ ਵੀ ਮੁਕਾਬਲਾ ਨਹੀਂ ਹਾਰੇ ਹਨ ਅਤੇ ਹੁਣ ਵਿਸ਼ਵ ਖ਼ਿਤਾਬ ਲਈ ਇਸ ਲੈਅ ਨੂੰ ਕਾਇਮ ਰੱਖਣਾ ਚਾਹੁੰਦੇ ਹਨ। ਭਾਰਤ ਨੂੰ ਮੁੱਕੇਬਾਜ਼ੀ ਅਤੇ ਵਿਸ਼ਵ ਚੈਂਪੀਅਨਸ਼ਿਪ ’ਚ ਓਲੰਪਿਕ ਦਾ ਪਹਿਲਾ ਤਗ਼ਮਾ ਜਿਤਾਉਣ ਵਾਲੇ ਵਿਜੇਂਦਰ ਸਿੰਘ ਦਾ ਪੇਸ਼ੇਵਰ ਸਰਕਿਟ ’ਚ 12-0 ਦਾ ਰਿਕਾਰਡ ਹੈ।
ਵਿਜੇਂਦਰ ਨੇ ਪ੍ਰੈੱਸ ਟਰੱਸਟ ਨਾਲ ਗੱਲ ਕਰਦਿਆਂ ਕਿਹਾ, ‘‘ਹੁਣ ਮੇਰੀ ਸਾਰੀ ਤਿਆਰੀ ਵਿਸ਼ਵ ਖ਼ਿਤਾਬ ਵਾਸਤੇ ਹੈ। ਮੈਂ ਇਸ ਸਾਲ ਤਿੰਨ-ਚਾਰ ਮੁਕਾਬਲੇ ਲੜਾਂਗਾ, ਜਿਨ੍ਹਾਂ ਵਿੱਚ ਵੱਡਾ ਵਿਸ਼ਵ ਖ਼ਿਤਾਬ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਮੁਕਾਬਲਾ ਭਾਰਤ ਵਿੱਚ ਹੋਵੇ।’’
ਵਿਜੇਂਦਰ ਨੇ ਨਵੰਬਰ 2019 ’ਚ ਘਾਨਾ ਦੇ ਸਾਬਕਾ ਰਾਸ਼ਟਰਮੰਡਲ ਚੈਂਪੀਅਨ ਚਾਰਲਸ ਅਦਾਮੂ ਨੂੰ ਇਕਤਰਪਾ ਮੁਕਾਬਲੇ ’ਚ ਹਰਾਇਆ ਸੀ। ਪਿਛਲੇ ਪੰਜ ਸਾਲਾਂ ’ਚ ਵਿਜੇਂਦਰ ਨੂੰ ਇੱਕਮਾਤਰ ਹਾਰ 2019 ਦੀਆਂ ਲੋਕ ਸਭਾ ’ਚ ਚੋਣਾਂ ਝੱਲਣੀ ਪਈ ਸੀ ਜਿਸ ਵਿੱਚ ਉਹ ਕਾਂਗਰਸ ਦੀ ਟਿਕਟ ’ਤੇ ਦੱਖਣੀ ਦਿੱਲੀ ਤੋਂ ਚੋਣ ਲੜਿਆ ਸੀ। ਕੀ ਇਸ ਹਾਰ ਦਾ ਉਨ੍ਹਾਂ ਨੂੰ ਮਲਾਲ ਹੈ? ਪੁੱਛਣ ’ਤੇ ਵਿਜੇਂਦਰ ਸਿੰਘ ਨੇ ਕਿਹਾ, ‘‘ਬਿਲਕੁੱਲ ਨਹੀਂ। ਮੈਂ ਸਰਗਰਮ ਸਿਆਸਤਦਾਨ ਬਣਨਾ ਚਾਹੁੰਦਾ ਹੈ। ਮੇਰੀ ਮਸਲਿਆਂ ’ਤੇ ਮਜ਼ਬੂਤ ਰਾਏ ਹੈ। ਰਾਜਨੀਤੀ ਤੁਹਾਨੂੰ ਬਦਲਾਅ ਲਿਆਉਣ ਦਾ ਮੰਚ ਦਿੰਦੀ ਹੈ। ਉਸਨੇ ਕਿਹਾ, ‘ਕਈ ਵਾਰ ਤੁਸੀਂ ਜਿੱਤਦੇ ਹੋ ਅਤੇ ਕਈ ਵਾਰ ਤੁਸੀਂ ਸਿੱਖਦੇ ਹੋ। ਮੈਂ ਰਾਜਨੀਤੀ ਨਾਲ ਜੁੜਨ ਦੇ ਆਪਣੇ ਫ਼ੈਸਲੇ ਨੂੰ ਇੰਜ ਹੀ ਦੇਖਦਾ ਹਾਂ। ਇਹ ਜ਼ਿੰਦਗੀ ਦੀਆਂ ਸੱਚਾਈਆਂ ਨਾਲ ਜੁੜੇ ਰਹਿਣ ਦਾ ਸੱਚਮੁੱਚ ਅਨੋਖਾ ਰਸਤਾ ਹੈ। ਸਿਰਫ ਇੱਕ ਚੋਣ ਹਾਰਨ ’ਤੇ ਮੈਨੂੰ ਇਸ ਦਾ ਮਲਾਲ ਕਿਉਂ ਹੋਵੇਗਾ।’’
ਖੇਡਾਂ ਤੇ ਰਾਜਨੀਤੀ ਦੇ ਸਬੰਧ ਬਾਰੇ ਵਿਜੇਂਦਰ ਨੇ ਕਿਹਾ ਕਿ ਲੋਕ ਜੇਕਰ ਚਾਹੁੰਦੇ ਹਨ ਉਨ੍ਹਾਂ ਦੇ ਨਾਇਕ ਸਰਵਜਨਕ ਮੁੱਦਿਆਂ ਬਾਰੇ ਆਪਣੀ ਰਾਏ ਦੇਣ ਤਾਂ ਇਸ ਵਿੱਚ ਕੋਈ ਬੁਰਾਈ ਨਹੀਂ ਹੈ। ਉਸ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਖ਼ਿਡਾਰੀਆਂ ਨੂੰ ਬੋਲਣਾ ਚਾਹੀਦਾ ਹੈ। ਇੱਕ ਮੁਕਾਮ ’ਤੇ ਅਸੀਂ ਵੀ ਨੁਮਾਇੰਦੇ ਹਾਂ ਅਤੇ ਸਾਡੀ ਆਵਾਜ਼ ਮਹੱਤਤਾ ਰੱਖਦੀ ਹੈ।’’