ਚੰਡੀਗੜ੍ਹ, 31 ਜਨਵਰੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 1984 ’ਚ ਦਿੱਲੀ ਵਿੱਚ ਹੋਏ ਸਿੱਖਾਂ ਦੇ ਕਤਲੇਆਮ ਦੌਰਾਨ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀਆਂ ਰਹੱਸਮਈ ਗਤੀਵਿਧੀਆਂ ਬਾਰੇ ਦੁਬਾਰਾ ਤੋਂ ਮੁਕੰਮਲ ਜਾਂਚ ਦੀ ਮੰਗ ਕੀਤੀ ਹੈ। ਇੱਕ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ 1984 ਕਤਲੇਆਮ ਦੌਰਾਨ ਦਿੱਲੀ ਦੀਆਂ ਗਲੀਆਂ ਵਿੱਚ ਰਾਜੀਵ ਗਾਂਧੀ ਦੀ ਰਹੱਸਮਈ ਮੌਜੂਦਗੀ ਬਾਰੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵੱਲੋਂ ਕੀਤੇ ਖ਼ੁਲਾਸਿਆਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਇਸ ਕਤਲੇਆਮ ਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਨ, ਸਰਕਾਰ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਸੀ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਰਾਜੀਵ ਗਾਂਧੀ ਨੇ ਕਦੇ ਵੀ ਹਜ਼ਾਰਾਂ ਨਿਰਦੋਸ਼ਾਂ ਦੀ ਮੌਤ ’ਤੇ ਕੋਈ ਪਛਤਾਵਾ ਜ਼ਾਹਰ ਨਹੀਂ ਸੀ ਕੀਤਾ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਨੇ ਨਾ ਤਾਂ ਇਸ ਪਾਗਲਪਣ ਨੂੰ ਰੋਕਣ ਲਈ ਕੋਈ ਅਪੀਲ ਕੀਤੀ ਜਾਂ ਨਿਰਦੇਸ਼ ਜਾਰੀ ਕੀਤਾ ਅਤੇ ਨਾ ਹੀ ਇਹ ਜ਼ਰੂਰੀ ਸਮਝਿਆ ਕਿ ਹਿੰਸਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਪਰਿਵਾਰਾਂ ਅਤੇ ਖੇਤਰਾਂ ਦਾ ਦੌਰਾ ਕਰ ਕੇ ਦਹਿਲੇ ਹੋਏ ਪੀੜਤਾਂ ਦੇ ਮਨਾਂ ਨੂੰ ਢਾਰਸ ਬੰਨ੍ਹਾਇਆ ਜਾਵੇ। ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਕਿੰਨੀ ਅਜੀਬ ਅਤੇ ਅਫਸੋਸਨਾਕ ਗੱਲ ਹੈ ਕਿ ਰਾਜੀਵ ਗਾਂਧੀ ਦੀ ਮੌਤ ਤੋਂ ਬਹੁਤ ਸਾਲਾਂ ਮਗਰੋਂ ਜਦੋਂ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਨੂੰ ਇਸ ‘ਮਨੁੱਖਤਾ ਦੇ ਘਾਣ’ ਉੱਤੇ ਅਫ਼ਸੋਸ ਪ੍ਰਗਟ ਕਰਨ ਲਈ ਮਜ਼ਬੂਰ ਕੀਤਾ ਗਿਆ ਤਾਂ ਅਜਿਹਾ ਕਰਨ ਦੀ ਜ਼ਿੰਮੇਵਾਰੀ ਇੱਕ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਉੱਤੇ ਸੁੱਟ ਦਿੱਤੀ ਗਈ ਜਿਵੇਂ ਕਿ ਉਹ ਨਿੱਜੀ ਤੌਰ ’ਤੇ ਇਸ ਅਣਮਨੁੱਖੀ ਕਾਰੇ ਲਈ ਦੋਸ਼ੀ ਰਹੇ ਹੋਣ। ਉਨ੍ਹਾਂ ਕਿਹਾ ਕਿ ਨਹਿਰੂ-ਗਾਂਧੀ ਪਰਿਵਾਰ ਵਿੱਚੋਂ ਹੁਣ ਤਕ ਕਿਸੇ ਨੇ ਵੀ ਨਿਰਦੋਸ਼ਾਂ ਦੇ ਕਤਲੇਆਮ ਅਜੇ ਤਕ ਮੁਆਫ਼ੀ ਨਹੀਂ ਮੰਗੀ।