ਕੈਲਗਰੀ, ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਜੈਨਸਿਸ ਸੈਂਟਰ ਵਿੱਚ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਨੂੰ ਸ਼ਹਿਰ ਵਾਸੀਆਂ ਵੱਲੋਂ ਕਾਫ਼ੀ ਹੁੰਗਾਰਾ ਮਿਲਿਆ। ਇਸ ਸਮਾਗਮ ਵਿੱਚ ਪੇਸ਼ ਕੀਤੇ ਨਾਟਕ, ਕੋਰੀਓਗ੍ਰਾਫੀਆਂ, ਕਵਿਤਾਵਾਂ ਤੇ ਭਾਸ਼ਣਾਂ ਨੂੰ ਦਰਸ਼ਕਾਂ ਵੱਲੋਂ ਬੇਹੱਦ ਸਲਾਹਿਆ ਗਿਆ। ਇਹ ਸਮਾਗਮ ਬੰਦ ਹਾਲ ਦੀ ਬਜਾਏ ਖੁੱਲ੍ਹੀ ਜਗ੍ਹਾ ਵਿੱਚ ਕਰਵਾਇਆ ਗਿਆ।
ਪ੍ਰੋਗਰੈਸਿਵ ਕਲਾ ਮੰਚ ਵੱਲੋਂ ਪੇਸ਼ ਅਜਮੇਰ ਔਲਖ ਦਾ ਲਿਖਿਆ ਨਾਟਕ ‘ਸੁੱਕੀ ਕੁੱਖ’ ਦਰਸ਼ਕਾਂ ਦੇ ਮਨਾਂ ’ਤੇ ਡੂੰਘੀ ਛਾਪ ਛੱਡ ਗਿਆ। ਇਸ ਵਿੱਚ ਭਾਗ ਲੈਣ ਵਾਲੇ ਸਾਰੇ ਕਲਾਕਾਰ ਕੈਲਗਰੀ ਤੋਂ ਹੀ ਸਨ, ਜੋ ਕੰਮਾਂ-ਕਾਰਾਂ ਤੋਂ ਸਮਾਂ ਕੱਢ ਕੇ ਨਾਟਕ ਦਾ ਅਭਿਆਸ ਕਰਦੇ ਰਹੇ। ਨਾਟਕ ਵਿੱਚ ਕਮਲ ਸਿੱਧੂ, ਨਿਰਦੇਸ਼ਕ ਕਮਲ ਪੰਧੇਰ, ਨਵਕਿਰਨ ਢੁੱਡੀਕੇ, ਜਸ਼ਨ ਗਿੱਲ, ਜੱਸ ਲੰਮੇ, ਵੀਰਪਾਲ ਕੌੌਰ, ਕੁਸਮ ਸ਼ਰਮਾ, ਅਮਨ ਗਿੱਲ, ਸਹਿਜ ਪੰਧੇਰ ਤੇ ਸਾਹਿਬ ਪੰਧੇਰ ਨੇ ਭਾਗ ਲਿਆ। ਰੁਪਿੰਦਰ ਪੰਧੇਰ ਨੇ ਸੰਗੀਤ ਦਾ ਜ਼ਿੰਮਾ ਸੰਭਾਲਿਆ।
‘ਸਾਨੂੰ ਮਹਿੰਗਾ ਪਿਆ ਕੈਨੇਡਾ’ ਅਤੇ ‘ਲੋਰੀ’ ਗੀਤਾਂ ਰਾਹੀਂ ਕੈਲਗਰੀ ਦੇ ਬੱਚਿਆਂ ਨੇ ਕੋਰੀਓਗ੍ਰਾਫੀਆਂ ਪੇਸ਼ ਕਰਕੇ ਵਾਹ ਵਾਹ ਖੱਟੀ। ਹਰੀਪਾਲ ਨੇ ਆਪਣੇ ਭਾਸ਼ਣ ਵਿੱਚ ਦੁਨੀਆਂ ਦੀਆਂ ਉਨ੍ਹਾਂ ਮਹਾਨ ਔਰਤਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਔਖੇ ਹਾਲਾਤ ਦੇ ਬਾਵਜੂਦ ਜ਼ਿੰਦਗੀ ਵਿੱਚ ਵੱਡੀਆਂ ਮੱਲਾਂ ਮਾਰੀਆਂ। ਬਲਜਿੰਦਰ ਸੰਘਾ ਅਤੇ ਸੁਖਜੀਤ ਖਹਿਰਾ ਨੇ ਕਵਿਤਾਵਾਂ ਪੇਸ਼ ਕੀਤੀਆਂ। ਜਥੇਬੰਦੀ ਦੇ ਸਕੱਤਰ ਮਾਸਟਰ ਭਜਨ ਗਿੱਲ ਨੇ ਦਰਸ਼ਕਾਂ ਨਾਲ ਉਹ ਮਤਾ ਸਾਂਝਾ ਕੀਤਾ, ਜਿਸ ਰਾਹੀਂ ਕੈਲਗਰੀ ਤੋਂ ਸੰਸਦ ਮੈਂਬਰ ਦਰਸ਼ਨ ਕੰਗ ਤੋਂ ਅਸਤੀਫ਼ੇ ਦੀ ਮੰਗ ਕੀਤੀ ਗਈ। ਉਨ੍ਹਾਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਉਤੇ ਹੁੰਦੇ ਹਰ ਕਿਸਮ ਦੇ ਜ਼ੁਲਮਾਂ ਵਿੱਰੁਧ ਡਟਣ ਦੀ ਦਲੇਰੀ ਦਿਖਾਉਣ।