ਮੁੰਬਈ:ਅਦਾਕਾਰ ਆਯੂਸ਼ਮਾਨ ਖੁਰਾਣਾ ਨੇ ਕੌਮੀ ਬਾਲਿਕਾ ਦਿਵਸ ’ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲਿੰਗਕ ਧਾਰਨਾਵਾਂ ਤੋੜਨ ਲਈ ਹੋਰ ਜ਼ਿੰਮੇਵਾਰ ਬਣਨ ਤਾਂ ਕਿ ਇੱਕ ਲੜਕੀ ਨੂੰ ਸੱਚਮੁੱਚ ਮੁੰਡਿਆਂ ਦੇ ਬਰਾਬਰ ਅਧਿਕਾਰ ਮਿਲ ਸਕੇ। ਆਯੂਸ਼ਮਾਨ ਨੇ ਕਿਹਾ, ‘‘ਸਾਡੇ ਵਿੱਚੋਂ ਹਰੇਕ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਲਿੰਗ-ਆਧਾਰਿਤ ਵਿਤਕਰੇ ਨੂੰ ਬੀਤੇ ਸਮੇਂ ਦੀ ਗੱਲ ਬਣਾ ਦੇਈਏ ਅਤੇ ਇਹ ਯਕੀਨੀ ਬਣਾਈਏ ਕਿ ਹਰ ਲੜਕੀ ਨੂੰ ਪਰਿਵਾਰ ਅਤੇ ਸਮਾਜ ਵੱਲੋਂ ਮੁੰਡਿਆਂ ਦੇ ਬਰਾਬਰ ਸਨਮਾਨ ਤੇ ਅਧਿਕਾਰ ਮਿਲੇ। ਆਓ ਇਸ ਕੌਮੀ ਬਾਲਿਕਾ ਦਿਵਸ ਦੀ ਸ਼ੁਰੂਆਤ ਲਿੰਗ ਆਧਾਰਤ ਰੂੜੀਵਾਦੀ ਵਿਚਾਰਧਾਰਾ ਨੂੰ ਨਕਾਰ ਕੇ ਕਰੀਏ। ਛੋਟੀਆਂ ਕੋਸ਼ਿਸ਼ਾਂ ਵੀ ਗਿਣੀਆਂ ਜਾਂਦੀਆਂ ਹਨ ਅਤੇ ਲੰਬੇ ਸਮੇਂ ਵਿੱਚ ਸਾਕਾਰਤਮਕ ਤਬਦੀਲੀਆਂ ਲਈ ਯੋਗਦਾਨ ਪਾਉਂਦੀਆਂ ਹਨ।’’ ਅਦਾਕਾਰ ਨੇ ਅੱਗੇ ਕਿਹਾ, ‘‘ਇਹ ਪੁਰਸ਼ਾਂ ਦੀ ਸਰਗਰਮ ਸ਼ਮੂਲੀਅਤ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ। ਇਸ ਲਈ ਇਹ ਸੁਨੇਹਾ ਤੁਹਾਡੇ ਲਈ ਵੀ ਹੈ: ਮਰਦੋਂ ਅਤੇ ਲੜਕਿਓਂ, ਆਓ ਜਦੋਂ ਵੀ ਅਸੀਂ ਉਨ੍ਹਾਂ ਦੇ ਸਾਹਮਣੇ ਆਈਏ ਤਾਂ ਲਿੰਗਕ ਟਿੱਪਣੀਆਂ, ਭੱਦੇ ਮਜ਼ਾਕ ਅਤੇ ਪੱਖਪਾਤ ਨੂੰ ਦੂਰ ਕਰਨ ਦਾ ਪ੍ਰਣ ਕਰੀਏ ਅਤੇ ਇਹ ਯਕੀਨੀ ਬਣਾਈਏ ਕਿ ਕੁੜੀਆਂ ਅਤੇ ਔਰਤਾਂ ਦੀ ਹਰ ਜਗ੍ਹਾ ਕਦਰ ਅਤੇ ਸਨਮਾਨ ਹੋਵੇ।’’ ਆਯੂਸ਼ਮਾਨ ਇਨ੍ਹੀਂ ਦਿਨੀਂ ਅਨਿਰੁੱਧ ਅਈਅਰ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ‘ਐਨ ਐਕਸ਼ਨ ਹੀਰੋ’ ਦੀ ਸ਼ੂਟਿੰਗ ਵਿੱਚ ਰੁੱਝਿਆ ਹੋਇਆ ਹੈ। ਇਸ ਤੋਂ ਇਲਾਵਾ ਉਹ ‘ਅਨੇਕ’ ਅਤੇ ‘ਡਾਕਟਰ ਜੀ’ ਵਿੱਚ ਵੀ ਦਿਖਾਈ ਦੇਵੇਗਾ।