ਟੋਕੀਓ: ਜਾਪਾਨੀ ਟੈਨਿਸ ਸੁਪਰਸਟਾਰ ਨਾਓਮੀ ਓਸਾਕਾ ਨੇ ਅੱਜ ਐਲਾਨ ਕੀਤਾ ਕਿ ਉਹ ਆਪਣੇ ਕੋਚ ਜਰਮੇਨੇ ਜੈਨਕਿੰਜ਼ ਨਾਲ ਕੰਮ ਨਹੀਂ ਕਰੇਗੀ। ਇਸ ਤਰ੍ਹਾਂ ਉਸ ਨੇ ਇਸ ਸਾਲ ਦੂਜਾ ਕੋਚ ਬਦਲਿਆ। ਉਹ ਇਸ ਸਮੇਂ ਲੈਅ ਵਿੱਚ ਨਹੀਂ ਹੈ ਅਤੇ ਵਿਸ਼ਵ ਦਰਜਾਬੰਦੀ ਵਿੱਚ ਵੀ ਹੇਠਾਂ ਖਿਸਕ ਗਈ ਹੈ। ਪੈਨ ਪੈਸਿਫਿਕ ਓਪਨ ਟੂਰਨਾਮੈਂਟ ਤੋਂ ਪਹਿਲਾਂ 21 ਸਾਲ ਦੀ ਖਿਡਾਰਨ ਨੇ ਐਲਾਨ ਕੀਤਾ ਕਿ ਉਹ ਹੁਣ ਕੋਚ ਨਾਲ ਕੰਮ ਨਹੀਂ ਕਰੇਗੀ। ਜਨਵਰੀ ਵਿੱਚ ਆਸਟਰੇਲੀਅਨ ਓਪਨ ਵਿੱਚ ਜਿੱਤ ਮਗਰੋਂ ਜੈਨਕਿੰਜ਼ ਉਸ ਦੀ ਟੀਮ ਨਾਲ ਜੁੜਿਆ ਸੀ। ਓਸਾਕਾ ਨੇ ਟਵੀਟ ਕੀਤਾ, ‘‘ਤੁਹਾਨੂੰ ਸਾਰਿਆਂ ਨੂੰ ਇਹ ਦੱਸਣ ਲਈ ਲਿਖ ਰਹੀ ਹਾਂ ਕਿ ਮੈਂ ਅਤੇ ਜੇਅ ਹੁਣ ਇਕੱਠੇ ਕੰਮ ਨਹੀਂ ਕਰਾਂਗੇ।’’ ਉਸ ਨੇ ਕਿਹਾ, ‘‘ਉਸ ਨਾਲ ਜੋ ਸਮਾਂ ਬੀਤਿਆ, ਉਸ ਦੇ ਲਈ ਸ਼ੁਕਰ ਗੁਜ਼ਾਰ ਹਾਂ। ਮੈਂ ਉਨ੍ਹਾਂ ਤੋਂ ਕੋਰਟ ਦੇ ਅੰਦਰ ਅਤੇ ਬਾਹਰ ਕਾਫ਼ੀ ਕੁੱਝ ਸਿੱਖਿਆ, ਪਰ ਹੁਣ ਮੈਨੂੰ ਕੋਚ ਬਦਲਣ ਦਾ ਸਹੀ ਸਮਾਂ ਲੱਗ ਰਿਹਾ ਹੈ। ਸਭ ਚੀਜ਼ਾਂ ਲਈ ਸ਼ੁਕਰੀਆ।’’ ਓਸਾਕਾ ਨੇ ਆਪਣੀ ਚੜ੍ਹਤ ਦੌਰਾਨ ਉਸ ਸਮੇਂ ਟੈਨਿਸ ਜਗਤ ਨੂੰ ਹੈਰਾਨ ਕਰ ਦਿੱਤਾ ਸੀ, ਜਦੋਂ ਉਸ ਨੇ ਕੋਚ ਸਾਸ਼ਾ ਬਾਜਿਨ ਨਾਲੋਂ ਨਾਤਾ ਤੋੜਨ ਦਾ ਐਲਾਨ ਕੀਤਾ ਸੀ। ਓਸਾਕਾ ਨੇ ਉਦੋਂ ਦੋ ਗਰੈਂਡ ਸਲੈਮ ਖ਼ਿਤਾਬ (ਯੂਐੱਸ ਓਪਨ-2018 ਅਤੇ ਇਸ ਸਾਲ ਜਨਵਰੀ ਵਿੱਚ ਆਸਟਰੇਲੀਅਨ ਓਪਨ) ਜਿੱਤੇ ਸਨ।