ਨਿਊਯਾਰਕ, ਮੌਜੂਦਾ ਚੈਂਪੀਅਨ ਨਾਓਮੀ ਓਸਾਕਾ ਨੇ ਯੂਐੱਸ ਓਪਨ ਟੈਨਿਸ ਗਰੈਂਡ ਸਲੈਮ ਟੂਰਨਾਮੈਂਟ ਵਿੱਚ 15 ਸਾਲ ਦੀ ਕੋਕੋ ਗੌਫ ਦਾ ਸ਼ਾਨਦਾਰ ਸਫ਼ਰ ਇੱਥੇ ਹੀ ਖ਼ਤਮ ਕਰ ਦਿੱਤਾ, ਜਦੋਂਕਿ ਪੁਰਸ਼ ਵਰਗ ਵਿੱਚ ਰਾਫੇਲ ਨਡਾਲ ਨੇ ਆਖ਼ਰੀ-16 ਵਿੱਚ ਥਾਂ ਬਣਾਈ। ਦੁਨੀਆਂ ਦੀ ਅੱਵਲ ਨੰਬਰ ਖਿਡਾਰਨ ਓਸਾਕਾ ਨੇ 65 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਕੋਕੋ ਨੂੰ 6-3, 6-0 ਨਾਲ ਮਾਤ ਦਿੱਤੀ। ਹਾਰਨ ਮਗਰੋਂ ਕੋਕੋ ਰੋਣ ਲੱਗੀ ਅਤੇ ਜਾਪਾਨੀ ਸਟਾਰ ਓਸਾਕਾ ਨੇ ਵਿਰੋਧੀ ਖਿਡਾਰਨ ਨੂੰ ਗਲ ਨਾਲ ਲਾ ਕੇ ਹੌਸਲਾ ਦਿੱਤਾ।
ਓਸਾਕਾ ਨੇ ਕਿਹਾ, ‘‘ਜਦੋਂ ਮੈਂ ਉਸ ਨਾਲ ਹੱਥ ਮਿਲਾਇਆ ਤਾਂ ਮੈਂ ਵੇਖਿਆ ਕਿ ਉਸ ਦੇ ਹੰਝੂ ਵਹਿ ਰਹੇ ਸਨ। ਉਹ ਉਮਰ ਵਿੱਚ ਛੋਟੀ ਵੀ ਹੈ। ਮੈਂ ਚਾਹੁੰਦੀ ਸੀ ਕਿ ਉਸ ਨੂੰ ਅਹਿਸਾਸ ਕਰਵਾਵਾਂ ਕਿ ਉਸ ਨੂੰ ਸਿਰ ਉੱਚਾ ਕਰਕੇ ਕੋਰਟ ’ਚੋਂ ਜਾਣਾ ਚਾਹੀਦਾ ਹੈ ਕਿਉਂਕਿ ਉਸ ਨੇ ਏਨੀ ਛੋਟੀ ਉਮਰ ਵਿੱਚ ਇੱਥੋਂ ਤੱਕ ਥਾਂ ਬਣਾਈ ਹੈ।’’ 23 ਵਾਰ ਦੀ ਗਰੈਂਡ ਸਲੈਮ ਜੇਤੂ ਸੇਰੇਨਾ ਵਿਲੀਅਮਜ਼ ਨੇ ਕੋਕੋ ਬਾਰੇ ਗੱਲ ਕਰਦਿਆਂ ਉਸ ਨੂੰ ‘ਮਹਿਲਾ ਟੈਨਿਸ ਦਾ ਭਵਿੱਖ’ ਕਰਾਰ ਦਿੱਤਾ, ਜਦਕਿ ਨੋਵਾਕ ਜੋਕੋਵਿਚ ਨੇ ਉਸ ਨੂੰ ‘ਨਵੀਂ ਸੁਪਰਸਟਾਰ’ ਕਿਹਾ ਜੋ 1996 ਵਿੱਚ ਅੰਨਾ ਕੋਰਨੀਕੋਵਾ ਮਗਰੋਂ ਇੱਥੇ ਤੀਜੇ ਗੇੜ ਵਿੱਚ ਪਹੁੰਚਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬਣੀ।
ਹੁਣ ਓਸਾਕਾ ਦਾ ਸਾਹਮਣਾ ਸਵਿਟਜ਼ਰਲੈਂਡ ਦੀ 13ਵਾਂ ਦਰਜਾ ਪ੍ਰਾਪਤ ਬੈਲਿੰਡਾ ਬੈਨਸਿਚ ਨਾਲ ਹੋਵੇਗਾ, ਜਿਸ ਨੂੰ ਅਨੈੱਟ ਕੌਂਟਾਵੇਟ ਦੇ ਬਿਮਾਰ ਹੋਣ ਕਾਰਨ ਵਾਕਓਵਰ ਮਿਲਿਆ ਹੈ।
ਤਿੰਨ ਵਾਰ ਚੈਂਪੀਅਨ ਰਹੇ ਨਡਾਲ ਨੇ 170ਵੀਂ ਰੈਂਕਿੰਗ ਦੇ ਦੱਖਣੀ ਕੋਰਿਆਈ ਕੁਆਲੀਫਾਇਰ ਚੁੰਗ ਹਿਓਨ ਨੂੰ 6-3, 6-4, 6-2 ਨਾਲ ਮਾਤ ਦਿੱਤੀ। ਦੂਜਾ ਦਰਜਾ ਪ੍ਰਾਪਤ ਸਪੈਨਿਸ਼ ਖਿਡਾਰੀ ਨੂੰ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਲਈ ਸਾਬਕਾ ਚੈਂਪੀਅਨ (2014) ਮਾਰਿਨ ਸਿਲਿਚ ਨਾਲ ਭਿੜਨਾ ਹੋਵੇਗਾ। ਸਿਲਿਚ ਨੇ ਚਾਰ ਸੈੱਟ ਤੱਕ ਚੱਲੇ ਮੁਕਾਬਲੇ ਵਿੱਚ ਜੌਹਨ ਇਸਨਰ ਨੂੰ ਸ਼ਿਕਸਤ ਦਿੱਤੀ।
ਛੇਵਾਂ ਦਰਜਾ ਪ੍ਰਾਪਤ ਅਲੈਗਜ਼ੈਂਡਰ ਜੈਵੇਰੇਵ ਨੇ ਏਲਜਾਜ਼ ਬੈਡੇਨ ਨੂੰ 6-7 (4/7), 7-6 (7/4), 6-3, 7-6 (7/3) ਨਾਲ ਮਾਤ ਦੇ ਕੇ ਅਗਲੇ ਗੇੜ ਵਿੱਚ ਥਾਂ ਬਣਾਈ। ਰੂਸੀ ਖਿਡਾਰੀ ਆਂਦਰੇ ਰੂਬਲੇਵ ਨੇ ਆਸਟਰੇਲੀਆ ਦੇ ਨਿੱਕ ਕਿਰਗਿਓਸ ਨੂੰ ਤਿੰਨ ਸੈੱਟ ਤੱਕ ਚੱਲੇ ਮੁਕਾਬਲੇ ਵਿੱਚ ਹਾਰ ਦਿੱਤੀ। 13ਵਾਂ ਦਰਜਾ ਪ੍ਰਾਪਤ ਫਰਾਯ ਦੇ ਗੇਲ ਗੌਂਫਿਲਜ਼ ਨੇ ਪੰਜ ਸੈੱਟਾਂ ਵਿੱਚ ਡੈਨਿਸ ਸ਼ਾਪੋਵਾਲੋਵ ਨੂੰ ਹਰਾਇਆ।
ਮਹਿਲਾਵਾਂ ਦੇ ਵਰਗ ਵਿੱਚ ਕੈਨੇਡਾ ਦੀ 15ਵਾਂ ਦਰਜਾ ਪ੍ਰਾਪਤ ਬਿਆਂਕਾ ਆਂਦਰੀਸਕੂ ਨੇ ਕੈਰੋਲਾਈਨ ਵੋਜ਼ਨਿਆਕੀ ਨੂੰ 6-4, 6-4 ਨਾਲ ਸ਼ਿਕਸਤ ਦਿੱਤੀ। ਵੋਜ਼ਨਿਆਕੀ ਦੋ ਵਾਰ ਯੂਐੱਸ ਓਪਨ ਉਪ ਜੇਤੂ ਰਹਿ ਚੁੱਕੀ ਹੈ। ਅਮਰੀਕਾ ਦੀ ਕੁਆਲੀਫਾਇਰ ਟੇਲਰ ਟਾਊਨਸੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਪਹਿਲੀ ਵਾਰ ਗਰੈਂਡ ਸਲੈਮ ਦੇ ਆਖ਼ਰੀ-16 ਵਿੱਚ ਥਾਂ ਪੱਕੀ ਕੀਤੀ। 116ਵਾਂ ਦਰਜਾ ਪ੍ਰਾਪਤ ਟੇਲਰ ਨੇ ਮੌਜੂਦਾ ਵਿੰਬਲਡਨ ਚੈਂਪੀਅਨ ਸਿਮੋਨਾ ਹਾਲੇਪ ਦਾ ਸਫ਼ਰ ਖ਼ਤਮ ਕਰਨ ਮਗਰੋਂ ਇੱਕ ਹੋਰ ਰੋਮਾਨਿਆਈ ਖਿਡਾਰਨ ਸੋਰਾਨਾ ਸਿਰਸਟੀ ਨੂੰ 7-5, 6-2 ਨਾਲ ਸ਼ਿਕਸਤ ਦਿੱਤੀ।