ਓਸਟਰਾਵਾ :ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਆਪਣੀ ਜੋੜੀਦਾਰ ਚੀਨ ਦੀ ਸ਼ੁਆਈ ਝਾਂਗ ਨਾਲ ਮਿਲ ਕੇ ਇੱਥੇ ਓਸਟਰਾਵਾ ਓਪਨ ’ਚ ਮਹਿਲਾ ਡਬਲਜ਼ ਵਰਗ ਦਾ ਖ਼ਿਤਾਬ ਜਿੱਤ ਲਿਆ ਹੈ। ਸਾਨੀਆ ਦਾ ਇਸ ਸੀਜ਼ਨ (2021) ਦਾ ਇਹ ਪਹਿਲਾ ਖ਼ਿਤਾਬ ਹੈ। ਦੂਜਾ ਦਰਜਾ ਪ੍ਰਾਪਤ ਭਾਰਤ-ਚੀਨ ਦੀ ਜੋੜੀ ਸਾਨੀਆ ਅਤੇ ਸ਼ੁਆਈ ਨੇ ਇੱਕ ਘੰਟਾ ਚਾਲੀ ਮਿੰਟ ਤੱਕ ਚੱਲੇ ਫਾਈਨਲ ਮੁਕਾਬਲੇ ਵਿੱਚ ਅਮਰੀਕਾ ਦੀ ਕੈਟਲੀਨ ਕ੍ਰਿਸਟੀਅਨ ਅਤੇ ਨਿਊਜ਼ੀਲੈਂਡ ਦੀ ਐਰਿਨ ਰੌਟਲਿਫ ਦੀ ਜੋੜੀ ਨੂੰ 6-3, 6-2 ਨਾਲ ਹਰਾ ਖ਼ਿਤਾਬ ਆਪਣੇ ਨਾਮ ਕੀਤਾ। ਸਾਨੀਆ ਤੇ ਸ਼ੁਆਈ ਦੀ ਜੋੜੀ ਨੇ ਇਸ ਟੂਰਨਾਮੈਂਟ ਦੇ ਸੈਮੀ ਫਾਈਨਲ ’ਚ ਜਾਪਾਨ ਦੀ ਜੋੜੀ ਨੂੰ ਹਰਾਇਆ ਸੀ। ਇਸ ਸੀਜ਼ਨ ’ਚ ਸਾਨੀਆ ਮਿਰਜ਼ਾ ਦਾ ਦੂਜਾ ਫਾਈਨਲ ਮੁਕਾਬਲਾ ਸੀ। ਇਸ ਤੋਂ ਪਹਿਲਾਂ ਉਹ ਪਿਛਲੇ ਮਹੀਨੇ ਆਪਣੀ ਜੋੜੀਦਾਰ ਕ੍ਰਿਸਟੀਨਾ ਮਸ਼ੇਲ ਨਾਲ ਅਮਰੀਕਾ ’ਚ ਕਲੀਵਲੈਂਡ ਟੂਰਨਾਮੈਂਟ ਦੇ ਫਾਈਨਲ ’ਚ ਪਹੁੰਚੀ, ਜਿੱਥੇ ਉਨ੍ਹਾਂ ਨੂੰ ਹਾਰ ਨਸੀਬ ਹੋਈ ਸੀ।