ਨਵੀਂ ਦਿੱਲੀ:ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਦੀ ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਦੀ ਇਤਿਹਾਸਕ ਪ੍ਰਾਪਤੀ ਨੂੰ ਵਿਸ਼ਵ ਅਥਲੈਟਿਕਸ ਨੇ ਟੋਕੀਓ ਵਿੱਚ ਟਰੈਕ ਐਂਡ ਫੀਲਡ ਦੇ ਦਸ ਜਾਦੂਈ ਪਲਾਂ ਵਿੱਚ ਸ਼ਾਮਲ ਕੀਤਾ ਹੈ। 23 ਸਾਲਾ ਨੀਰਜ ਨੇ 87.58 ਮੀਟਰ ਨੇਜਾ ਸੁੱਟ ਕੇ ਦੇਸ਼ ਨੂੰ ਅਥਲੈਟਿਕਸ ਵਿੱਚ ਪਹਿਲਾ ਓਲੰਪਿਕ ਤਗ਼ਮਾ ਦਿਵਾਇਆ ਹੈ। ਉਹ ਓਲੰਪਿਕ ਖੇਡਾਂ ਵਿੱਚ ਵਿਅਕਤੀਗਤ ਸੋਨ ਤਗ਼ਮਾ ਜਿੱਤਣ ਵਾਲਾ ਦੂਜਾ ਭਾਰਤੀ ਖਿਡਾਰੀ ਹੈ। ਵਿਸ਼ਵ ਅਥਲੈਟਿਕਸ ਨੇ ਕਿਹਾ ਕਿ ਓਲੰਪਿਕ ਤੋਂ ਪਹਿਲਾਂ ਨੀਰਜ ਦੇ ਇੰਸਟਾਗ੍ਰਾਮ ’ਤੇ 1,43,000 ਪ੍ਰਸ਼ੰਸਕ ਸਨ, ਪਰ ਹੁਣ ਇਹ ਗਿਣਤੀ ਵਧ ਕੇ 32 ਲੱਖ ਹੋ ਗਈ ਹੈ। ਇਸ ਨਾਲ ਉਹ ਵਿਸ਼ਵ ਵਿੱਚ ਟਰੈਕ ਐਂਡ ਫੀਲਡ ਵਿੱਚ ਅਜਿਹਾ ਅਥਲੀਟ ਬਣ ਗਿਆ ਹੈ, ਜਿਸ ਦੇ ਸਭ ਤੋਂ ਵੱਧ ਪ੍ਰਸ਼ੰਸਕ ਹਨ। ਜਿਮਨਾਸਟ ਨਾਦੀਆ ਕੋਮਾਨੇਚੀ ਨੇ ਵੀ ਨੀਰਜ ਨੂੰ ਵਧਾਈ ਦਿੱਤੀ ਹੈ।