ਨਵੀਂ ਦਿੱਲੀ, 29 ਜੁਲਾਈ
ਓਲੰਪਿਕ ਦੀਆਂ ਤਿਆਰੀਆਂ ਲਈ ਭਾਰਤੀ ਖਿਡਾਰੀਆਂ ਦਾ ਵਿਦੇਸ਼ ਜਾਣਾ ਆਮ ਗੱਲ ਹੈ, ਪਰ ਅਗਲੇ ਸਾਲ ਟੋਕੀਓ ਵਿੱਚ ਹੋਣ ਵਾਲੀਆਂ ਖੇਡਾਂ ਲਈ ਮੁੱਕੇਬਾਜ਼ੀ ਵਿੱਚ ਬਦਲਾਅ ਵੇਖਣ ਨੂੰ ਮਿਲੇਗਾ, ਜਿਸ ਵਿੱਚ ਵਿਦੇਸ਼ੀ ਮੁੱਕੇਬਾਜ਼ ਸਿਖਲਾਈ ਲਈ ਭਾਰਤ ਆਉਣਗੇ। ਅਗਲੇ ਸਾਲ ਓਲੰਪਿਕ ਦੇ ਕੁਆਲੀਫਾਈਂਗ ਟੂਰਨਾਮੈਂਟ ਤੋਂ ਪਹਿਲਾਂ ਖਿਡਾਰੀਆਂ ਨੂੰ ਦੌਰਿਆਂ ਸਬੰਧੀ ਥਕਾਵਟ ਤੋਂ ਬਚਾਉਣ ਲਈ ਇਸ ਸਾਲ ਦਸੰਬਰ ਦੇ ਪਹਿਲੇ ਅੱਧ ਵਿੱਚ ਵਿਦੇਸ਼ੀ ਮੁੱਕੇਬਾਜ਼ਾਂ ਨੂੰ ਭਾਰਤ ਬੁਲਾਉਣ ਦੀ ਯੋਜਨਾ ਹੈ।
ਭਾਰਤੀ ਮੁੱਕੇਬਾਜ਼ੀ ਦੇ ਹਾਈ ਪਰਫਾਰਮੈਂਸ ਨਿਰਦੇਸ਼ਕ ਸੈਂਟਿਆਗੋ ਨੀਵਾ ਨੇ ਕਿਹਾ, ‘‘ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਡੇ ਮੁੱਕੇਬਾਜ਼ ਜ਼ਿਆਦਾ ਦੌਰੇ ਕਰਕੇ ਨਾ ਥੱਕਣ। ਮੌਜੂਦਾ ਸੈਸ਼ਨ ਵਿੱਚ ਵੱਖ-ਵੱਖ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਲਈ ਅਸੀਂ ਪਹਿਲਾਂ ਤੋਂ ਹੀ ਕਾਫ਼ੀ ਯਾਤਰਾ ਕਰ ਰਹੇ ਹਾਂ। ਜਨਵਰੀ ਵਿੱਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਦਸੰਬਰ ਮਹੀਨਾ ਭਾਰਤ ਲਈ ਬਹੁਤ ਫ਼ਾਇਦੇਮੰਦ ਰਹੇਗਾ।’’ ਨੀਵਾ ਨੇ ਕਿਹਾ, ‘‘ਮੇਰਾ ਖ਼ਿਆਲ ਹੈ ਕਿ ਦਸੰਬਰ ਮਹੀਨੇ ਭਾਰਤ ਵਿੱਚ ਮੌਸਮ ਚੰਗਾ ਰਹਿੰਦਾ ਹੈ। ਉਸ ਸਮੇਂ ਯੂਰੋਪ ਵਿੱਚ ਕਾਫ਼ੀ ਠੰਢ ਰਹਿੰਦੀ ਹੈ। ਸਾਨੂੰ ਉਨ੍ਹਾਂ ਦੇਸ਼ਾਂ ਦੇ ਹੁੰਗਾਰੇ ਦੀ ਉਮੀਦ ਹੈ, ਜਿਨ੍ਹਾਂ ਨੇ ਸਾਨੂੰ ਸੱਦਾ ਭੇਜਿਆ ਹੈ। ਅਸੀਂ ਉਤਰੀ ਅਫਰੀਕਾ ਤੋਂ ਵੀ ਟੀਮਾਂ ਬੁਲਾਵਾਂਗੇ।’’
ਭਾਰਤੀ ਪੁਰਸ਼ ਅਤੇ ਮਹਿਲਾ ਮੁੱਕੇਬਾਜ਼ਾਂ ਲਈ ਇਹ ਸਾਲ (2019) ਕਾਫ਼ੀ ਰੁਝੇਵੇਂ ਵਾਲਾ ਰਿਹਾ। ਉਸ ਨੇ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਬੁਲਗਾਰੀਆ ਅਤੇ ਫਿਨਲੈਂਡ ਵਿੱਚ ਟੂਰਨਾਮੈਂਟ ਵਿੱਚ ਹਿੱਸਾ ਲਿਆ ਅਤੇ ਫਿਰ ਅਪਰੈਲ ਵਿੱਚ ਏਸ਼ਿਆਈ ਚੈਂਪੀਅਨਸ਼ਿਪ ਹੋਈ। ਇਸ ਮਗਰੋਂ ਜੁਲਾਈ-ਅਗਸਤ ਦੇ ਮਹੀਨੇ ਟੀਮ ਕਜ਼ਾਖ਼ਸਤਾਨ, ਫਿਲਪੀਨਜ਼ ਅਤੇ ਰੂਸ ਦੌਰੇ ’ਤੇ ਹੈ। ਸਤੰਬਰ ਮਹੀਨੇ ਰੂਸ ਵਿੱਚ ਹੀ ਪੁਰਸ਼ ਅਤੇ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਹੋਣੀ ਹੈ। ਅਕਤੂਬਰ ਵਿੱਚ ਕੌਮੀ ਚੈਂਪੀਅਨਸ਼ਿਪ ਹੋਵੇਗੀ। ਨੀਵਾ ਨੇ ਕਿਹਾ, ‘‘ਬੇਲਾਰੀ ਸਥਿਤ ਇੰਸਪਾਇਰ ਖੇਡ ਸੰਸਥਾ (ਆਈਆਈਐੱਸ) ਵਿੱਚ ਸਾਡੇ ਲਈ ਚੰਗੀਆਂ ਸੁਵਿਧਾਵਾਂ ਹਨ। ਅਸੀਂ ਉੱਥੇ ਇੱਕ ਕੈਂਪ ਲਾਵਾਂਗੇ ਕਿਉਂਕਿ ਪਟਿਆਲਾ (ਜਿੱਥੇ ਇਸ ਸਮੇਂ ਕੌਮੀ ਕੈਂਪ ਹੈ) ਵਿੱਚ ਹਾਲੇ ਸੁਧਾਰ ਦੀ ਗੁੰਜਾਇਸ਼ ਹੈ। ਅਸੀਂ ਉਸ ’ਤੇ ਕੰਮ ਕਰ ਰਹੇ ਹਾਂ ਅਤੇ ਉਮੀਦ ਹੈ ਕਿ ਸੁਧਾਰ ਹੋਵੇਗਾ।’’
ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀਐੱਫਆਈ) ਨੇ ਆਈਆਈਐੱਸ ਨਾਲ ਸਮਝੌਤਾ ਕੀਤਾ ਹੈ। ਓਲੰਪਿਕ ਸੋਨ ਤਗ਼ਮਾ ਜੇਤੂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਅਤੇ ਸਾਬਕਾ ਕ੍ਰਿਕਟ ਕਪਤਾਨ ਸੌਰਭ ਗਾਂਗੁਲੀ ਇਸ ਦੇ ਸਲਾਹਕਾਰ ਬੋਰਡ ਵਿੱਚ ਸ਼ਾਮਲ ਹਨ। ਆਈਓਸੀ ਨੇ ਕੁੱਝ ਸਮਾਂ ਪਹਿਲਾਂ ਵਿਵਾਦਾਂ ਵਿੱਚ ਘਿਰੇ ਏਆਈਬੀਏ ਤੋਂ ਓਲੰਪਿਕ ਦਰਜਾ ਖੋਹ ਲਿਆ ਅਤੇ ਹੁਣ 2020 ਟੋਕੀਓ ਓਲੰਪਿਕ ਲਈ ਕੁਆਲੀਫਾਈਂਗ ਅਤੇ ਫਾਈਨਲ ਟੂਰਨਾਮੈਂਟ ਕਰਵਾਏਗਾ। ਇਸ ਤਰ੍ਹਾਂ ਰੂਸ ਵਿੱਚ ਹੋਣ ਵਾਲੀ ਪੁਰਸ਼ਾਂ ਅਤੇ ਮਹਿਲਾਵਾਂ ਦੀ 2019 ਵਿਸ਼ਵ ਚੈਂਪੀਅਨਸ਼ਿਪ ਹੁਣ ਓਲੰਪਿਕ ਕੁਆਲੀਫਾਇਰ ਵੀ ਨਹੀਂ ਹੈ।