ਟੋਕੀਓ, ਸ਼ਿਵ ਥਾਪਾ (63 ਕਿਲੋਗ੍ਰਾਮ) ਅਤੇ ਪੂਜਾ ਰਾਣੀ (75 ਕਿਲੋਗ੍ਰਾਮ) ਨੇ ਅੱਜ ਇੱਥੇ ਮੁੱਕੇਬਾਜ਼ੀ ਦੇ ਓਲੰਪਿਕ ਟੈਸਟ ਮੁਕਾਬਲੇ ’ਚ ਸੋਨੇ ਦੇ ਤਗ਼ਮੇ ਜਿੱਤੇ ਜਦਕਿ ਆਸ਼ੀਸ਼ (69 ਕਿਲੋਗ੍ਰਾਮ) ਨੂੰ ਫਾਈਨਲ ’ਚ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਚਾਰ ਵਾਰ ਦੇ ਏਸ਼ਿਆਈ ਤਗ਼ਮਾ ਜੇਤੂ ਥਾਪਾ ਨੇ ਕਜ਼ਾਖਸਤਾਨ ਦੇ ਕੌਮੀ ਚੈਂਪੀਅਨ ਅਤੇ ਏਸ਼ਿਆਈ ਕਾਂਸੀ ਤਗ਼ਮਾ ਜੇਤੂ ਸਨਾਤਾਲੀ ਤੋਲਤਾਯੇਵ ਨੂੰ ਇੱਕਪਾਸੜ ਮੁਕਾਬਲੇ ’ਚ 5-0 ਨਾਲ ਹਰਾਇਆ। ਥਾਪਾ ਸਾਬਕਾ ਕੌਮੀ ਚੈਂਪੀਅਨ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਸਾਬਕਾ ਕਾਂਸੀ ਤਗ਼ਮਾ ਜੇਤੂ ਹਨ। ਏਸ਼ਿਆਈ ਖੇਡਾਂ ਦੀ ਸਾਬਕਾ ਕਾਂਸੀ ਤਗ਼ਮਾ ਜੇਤੂ ਪੂਜਾ ਰਾਣੀ ਨੇ ਆਸਟਰੇਲੀਆ ਦੀ ਕੈਟਲਿਨ ਪਾਰਕਰ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਰਾਣੀ ਨੇ ਇਸ ਸਾਲ ਏਸ਼ਿਆਈ ਚੈਂਪੀਅਨਸ਼ਿਪ ’ਚ ਵੀ ਚਾਂਦੀ ਤਗ਼ਮਾ ਜਿੱਤਿਆ ਸੀ। ਆਸ਼ੀਸ਼ ਨੂੰ ਹਾਲਾਂਕਿ ਫਾਈਨਲ ’ਚ ਜਪਾਨ ਦੇ ਸੇਵੋਨ ਓਕੋਜਾਵਾ ਖ਼ਿਲਾਫ਼ ਹਾਰ ਦੇ ਨਾਲ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਇਸ ਤੋਂ ਪਹਿਲਾਂ ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਨਿਕਹਤ ਜ਼ਰੀਨ (51), ਸਿਮਰਨਜੀਤ ਕੌਰ (60), ਸੁਮਿਤ ਸਾਂਗਵਾਨ (91) ਅਤੇ ਵਾਹਲਿਮਪੁਈਆ (75) ਨੇ ਬੀਤੇ ਦਿਨ ਸੈਮੀ ਫਾਈਨਲ ’ਚ ਹਾਰ ਨਾਲ ਕਾਂਸੀ ਦੇ ਤਗ਼ਮੇ ਜਿੱਤੇ ਸੀ।