ਬਿਊਨਸ ਆਇਰਸ: ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਓਲੰਪਿਕ ਚੈਂਪੀਅਨ ਅਰਜਨਟੀਨਾ ਖ਼ਿਲਾਫ਼ ਮਿਲੀ ਸਫ਼ਲਤਾ ਨਾਲ ਟੀਮ ਦਾ ਮਨੋਬਲ ਵਧਿਆ ਹੈ ਪਰ ਟੋਕੀਓ ਓਲੰਪਿਕ ਵਿੱਚ ਤਗ਼ਮਾ ਜਿੱਤਣ ਲਈ ਅਜੇ ਕਈ ਕਮਜ਼ੋਰੀਆਂ ਨੂੰ ਦੂੁਰ ਕਰਨਾ ਪਵੇਗਾ। ਅੱਠ ਵਾਰ ਚੈਂਪੀਅਨ ਬਣੀ ਭਾਰਤੀ ਹਾਕੀ ਟੀਮ ਦੇ ਇਰਾਦੇ ਓਲੰਪਿਕ ਵਿੱਚ ਚਾਰ ਦਹਾਕਿਆਂ ਤੋਂ ਚੱਲੀ ਆ ਰਹੀ ਤਗ਼ਮੇ ਦੀ ਔੜ ਨੂੰ ਖ਼ਤਮ ਕਰਨਾ ਹੈ। ਮਨਪ੍ਰੀਤ ਨੇ ਕਿਹਾ, ‘ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਰਜਨਟੀਨਾ ਵਰਗੀ ਮਜ਼ਬੂਤ ਟੀਮ ਨੂੰ ਉਸ ਦੇ ਘਰ ਵਿੱਚ ਹਰਾਉਣ ਨਾਲ ਆਤਮਵਿਸ਼ਵਾਸ ਵਧਿਆ ਹੈ ਪਰ ਸਾਨੂੰ ਆਪਣੀਆਂ ਕਮਜ਼ੋਰੀਆਂ ’ਤੇ ਮਿਹਨਤ ਕਰਨੀ ਪਵੇਗੀ। ਜਦੋਂ ਤਕ ਅਸੀਂ ਟੋਕੀਓ ’ਚ ਤਗ਼ਮਾ ਨਹੀਂ ਜਿੱਤ ਲੈਂਦੇ, ਸਾਡਾ ਕੰਮ ਪੂਰਾ ਨਹੀਂ ਹੋਵੇਗਾ।’