ਟੋਕੀਓ, 24 ਮਾਰਚ
ਕੈਨੇਡਾ ਕਰੋਨਾਵਾਇਰਸ ਕਾਰਨ ਟੋਕੀਓ ਓਲੰਪਿਕ ਤੋਂ ਹਟ ਗਿਆ, ਜਿਸ ਮਗਰੋਂ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਅੱਜ ਸਵੀਕਾਰ ਕੀਤਾ ਕਿ ਖੇਡਾਂ ਮੁਲਤਵੀ ਹੋਣਾ ‘ਤੈਅ’ ਹੈ। ਹਾਲਾਂਕਿ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਨੇ ਚਾਰ ਹਫ਼ਤਿਆਂ ਦੇ ਅੰਦਰ ਫ਼ੈਸਲਾ ਲੈਣ ਦਾ ਐਲਾਨ ਕੀਤਾ ਹੈ। ਆਸਟਰੇਲੀਆ ਨੇ ਵੀ ਆਪਣੇ ਖਿਡਾਰੀਆਂ ਨੂੰ ਟੋਕੀਓ ਓਲੰਪਿਕ-2021 ਦੀਆਂ ਤਿਆਰੀਆਂ ਕਰਨ ਲਈ ਕਿਹਾ ਹੈ।
ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ 24 ਜੁਲਾਈ ਤੋਂ 9 ਅਗਸਤ ਦਰਮਿਆਨ ਹੋਣ ਵਾਲਾ ਇਹ ਖੇਡ ਕੁੰਭ ਮੁਲਤਵੀ ਹੋਵੇਗਾ। ਜਾਪਾਨ ਅਤੇ ਓਲੰਪਿਕ ਦੇ ਅਧਿਕਾਰੀ ਲਗਾਤਾਰ ਕਹਿੰਦੇ ਆਏ ਹਨ ਕਿ ਖੇਡਾਂ ਸਮੇਂ ਸਿਰ ਹੋਣਗੀਆਂ, ਪਰ ਦੁਨੀਆਂ ਭਰ ਤੋਂ ਖੇਡ ਫੈਡਰੇਸ਼ਨਾਂ ਅਤੇ ਖਿਡਾਰੀਆਂ ਦੇ ਵਿਰੋਧ ਮਗਰੋਂ ਉਨ੍ਹਾਂ ਦਾ ਰੁਖ਼ ਬਦਲ ਗਿਆ ਹੈ। ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਸੰਸਦ ਵਿੱਚ ਕਿਹਾ ਕਿ ਜਾਪਾਨ ਖੇਡਾਂ ਦੀ ਸਫਲਤਾ ਲਈ ਦਿੜ੍ਹ ਹੈ। ਉਸਨੇ ਹਾਲਾਂਕਿ ਕਿਹਾ, ‘‘ਜੇਕਰ ਮੁਸ਼ਕਲ ਹਾਲਾਤ ਜਾਰੀ ਰਹਿੰਦੇ ਹਨ ਤਾਂ ਖਿਡਾਰੀਆਂ ਦੀ ਸੁਰੱਖਿਆ ਨੂੰ ਤਰਜੀਹ ਦਿੰਦਿਆਂ ਖੇਡਾਂ ਮੁਲਤਵੀ ਕਰਨ ਦਾ ਫ਼ੈਸਲਾ ਅਟੱਲ ਜਾਪਦਾ ਹੈ।’’
ਦੂਜੇ ਪਾਸੇ ਕੌਮਾਂਤਰੀ ਓਲੰਪਿਕ ਕਮੇਟੀ ਨੇ ਐਤਵਾਰ ਨੂੰ ਕਿਹਾ ਕਿ ਦੁਨੀਆਂ ਭਰ ਵਿੱਚ ਕੋਵਿਡ-19 ਦੀ ਦਹਿਸ਼ਤ ਦੇ ਮੱਦੇਨਜ਼ਰ ਓਲੰਪਿਕ ਮੁਲਤਵੀ ਕਰਨਾ ਇੱਕੋ-ਇੱਕ ਬਦਲ ਹੈ, ਪਰ ਟੋਕੀਓ ਓਲੰਪਿਕ ਨੂੰ ਰੱਦ ਕਰਨਾ ਇਸਦੇ ਏਜੰਡੇ ਵਿੱਚ ਨਹੀਂ ਹੈ। ਆਈਓਸੀ ਦੇ ਪ੍ਰਧਾਨ ਥੌਮਸ ਬਾਕ ਨੇ ਕਿਹਾ ਕਿ ਇਸ ਬਾਰੇ ਫ਼ੈਸਲਾ ਚਾਰ ਹਫ਼ਤਿਆਂ ਦੇ ਅੰਦਰ ਲਿਆ ਜਾਵੇਗਾ। ਉਸਨੇ ਖਿਡਾਰੀਆਂ ਨੂੰ ਇੱਕ ਖੁੱਲ੍ਹੇ ਪੱਤਰ ਵਿੱਚ ਲਿਖਿਆ, “ਇਨਸਾਨ ਸਭ ਤੋਂ ਉਪਰ ਹੈ, ਖੇਡਾਂ ਕਰਵਾਉਣ ਤੋਂ ਵੀ।” ਉਸਨੇ ਕਿਹਾ, “ਅਸੀਂ ਪਹਿਲਾਂ ਵੀ ਸੰਕੇਤ ਦਿੱਤਾ ਹੈ ਕਿ ਅਸੀਂ ਵੱਖ-ਵੱਖ ਬਦਲਾਂ ਬਾਰੇ ਵਿਚਾਰ ਕਰ ਰਹੇ ਹਾਂ। ਟੋਕੀਓ ਓਲੰਪਿਕ-2020 ਦੀ ਅੰਤਿਮ ਤਰੀਕ ਤੈਅ ਕਰਨਾ ਅਜੇ ਜਲਦਬਾਜ਼ੀ ਹੋਵੇਗੀ।” ਉਨ੍ਹਾਂ ਕਿਹਾ ਕਿ ਆਈਓਸੀ ਸਬੰਧਿਤ ਧਿਰਾਂ ਅਤੇ ਸਿਹਤ ਵਿਭਾਗ ਦੇ ਸੰਪਰਕ ਵਿੱਚ ਹੈ। ਬਾਕ ਨੇ ਕਿਹਾ, ‘‘ਸਾਨੂੰ ਯਕੀਨ ਹੈ ਕਿ ਅਗਲੇ ਚਾਰ ਹਫ਼ਤਿਆਂ ਵਿੱਚ ਕੋਈ ਹੱਲ ਨਿਕਲ ਆਵੇਗਾ। ਖੇਡਾਂ ਰੱਦ ਕਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ ਅਤੇ ਇਸ ਨਾਲ ਕਿਸੇ ਦਾ ਭਲਾ ਨਹੀਂ ਹੋਵੇਗਾ, ਇਸ ਲਈ ਇਹ ਸਾਡੇ ਏਜੰਡੇ ਵਿੱਚ ਨਹੀਂ ਹੈ।”
ਕੈਨੇਡਾ ਦੀ ਓਲੰਪਿਕ ਕਮੇਟੀ ਨੇ ਕਿਹਾ, ‘‘ਮਾਮਲਾ ਸਿਰਫ਼ ਖਿਡਾਰੀਆਂ ਦੀ ਸਿਹਤ ਦਾ ਹੀ ਨਹੀਂ ਬਲਕਿ ਲੋਕਾਂ ਦੀ ਸਿਹਤ ਦਾ ਹੈ। ਕੋਵਿਡ-19 ਕਾਰਨ ਸਾਡੇ ਖਿਡਾਰੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਕੈਨੇਡਿਆਈ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਵੇਖਦਿਆਂ ਉਨ੍ਹਾਂ ਦਾ ਤਿਆਰੀ ਜਾਰੀ ਰੱਖਣਾ ਸੰਭਵ ਨਹੀਂ ਹੋਵੇਗਾ।” ਇਸ ਤੋਂ ਪਹਿਲਾਂ ਅਮਰੀਕਾ ਅਤੇ ਫਰਾਂਸ ਦੀਆਂ ਤੈਰਾਕੀ ਫੈਡਰੇਸ਼ਨਾਂ, ਅਮਰੀਕਾ ਅਤੇ ਸਪੇਨ ਦੀਆਂ ਅਥਲੈਟਿਕਸ ਫੈਡਰੇਸ਼ਨਾਂ, ਨਾਰਵੇ ਓਲੰਪਿਕ ਕਮੇਟੀ, ਫਰਾਂਸ ਅਥਲੈਟਿਕਸ ਅਤੇ ਮਸ਼ਹੂਰ ਮੌਜੂਦਾ ਅਤੇ ਸਾਬਕਾ ਖਿਡਾਰੀ ਕਹਿ ਚੁੱਕੇ ਹਨ ਕਿ ਅਜਿਹੇ ਹਾਲਾਤ ਵਿੱਚ ਓਲੰਪਿਕ ਨਹੀਂ ਹੋਣੀ ਚਾਹੀਦੀ।
ਚਾਰ ਵਾਰ ਦੇ ਓਲੰਪਿਕ ਚੈਂਪੀਅਨ ਦੌੜਾਕ ਅਤੇ ਲੰਬੀ ਛਾਲ ਦੇ ਅਥਲੀਟ ਕਾਰਲ ਲੂਈਸ ਨੇ ਕਿਹਾ ਕਿ ਉਹ ਖੇਡਾਂ ਮੁਲਤਵੀ ਕਰਨ ਦੇ ਹੱਕ ਵਿੱਚ ਹਨ। ਉਨ੍ਹਾਂ ਕਿਹਾ, “ਅਜਿਹੇ ਮਾਹੌਲ ਵਿੱਚ ਖਿਡਾਰੀਆਂ ਲਈ ਤਿਆਰੀ ਕਰਨਾ ਮੁਸ਼ਕਲ ਹੈ। ਮੈਨੂੰ ਲਗਦਾ ਹੈ ਕਿ ਖੇਡਾਂ ਦੋ ਸਾਲਾਂ ਮਗਰੋਂ ਕਰਵਾਉਣੀਆਂ ਚਾਹੀਦੀਆਂ ਹਨ। ਪੇਈਚਿੰਗ ਵਿੱਚ 2022 ਵਿੱਚ ਸਰਦ-ਰੁੱਤ ਓਲੰਪਿਕ ਦੇ ਨਾਲ। ਇਸ ਨੂੰ ਓਲੰਪਿਕ ਸਾਲ ਬਣਾ ਦੇਣਾ ਚਾਹੀਦਾ ਹੈ।”
ਇਸ ਦੌਰਾਨ ਵਿਸ਼ਵ ਅਥਲੈਟਿਕਸ ਦੇ ਪ੍ਰਧਾਨ ਸਿਬੈਸਟੀਅਨ ਕੂ ਨੇ ਬਾਕ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜੁਲਾਈ ਵਿੱਚ ਓਲੰਪਿਕ ਖੇਡਾਂ ਹੋਣੀਆਂ ਨਾ ਤਾਂ ਸੰਭਵ ਹੈ ਅਤੇ ਨਾ ਹੀ ਢੁਕਵਾਂ ਹੈ। ਉਨ੍ਹਾਂ ਕਿਹਾ, ‘‘ਕੋਈ ਵੀ ਨਹੀਂ ਚਾਹੁੰਦਾ ਕਿ ਓਲੰਪਿਕ ਮੁਲਤਵੀ ਹੋਵੇ ਪਰ ਅਸੀਂ ਖਿਡਾਰੀਆਂ ਦੀ ਸੁਰੱਖਿਆ ਦੀ ਕੀਮਤ ’ਤੇ ਖੇਡਾਂ ਨਹੀਂ ਕਰਵਾ ਸਕਦੇ।’’
ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਵੀ ਆਈਓਸੀ ਨੂੰ ਇਸ ਸਬੰਧੀ ਤੁਰੰਤ ਫ਼ੈਸਲਾ ਲੈਣ ਲਈ ਕਿਹਾ ਹੈ। ਆਈਓਸੀ ਹੁਣ ਤੱਕ ਲਗਾਤਾਰ ਕਹਿੰਦੀ ਆਈ ਹੈ ਕਿ ਖੇਡਾਂ 24 ਜੁਲਾਈ ਨੂੰ ਸ਼ੁਰੂ ਹੋਣਗੀਆਂ, ਹਾਲਾਂਕਿ ਕੋਵਿਡ-19 ਦੇ ਮੱਦੇਨਜ਼ਰ ਦੁਨੀਆਂ ਭਰ ਵਿੱਚ ਟੂਰਨਾਮੈਂਟ ਰੱਦ ਕਰ ਦਿੱਤੇ ਗਏ ਹਨ। ਚਾਰੇ ਪਾਸਿਓਂ ਹੋ ਰਹੀ ਆਲੋਚਨਾ ਮਗਰੋਂ ਆਈਓਸੀ ਨੇ ਆਖ਼ਿਰਕਾਰ ਸਵੀਕਾਰ ਕੀਤਾ ਕਿ ਓਲੰਪਿਕ ਨੂੰ ਮੁਲਤਵੀ ਕਰਨ ਦੀ ਸੰਭਾਵਨਾ ’ਤੇ ਵਿਚਾਰ ਕੀਤਾ ਜਾ ਸਕਦਾ ਹੈ।
ਓਲੰਪਿਕ ਖੇਡਾਂ-2021 ਦੀ ਤਿਆਰੀ ਕਰਾਂਗੇ: ਆਸਟਰੇਲੀਆ
ਸਿਡਨੀ: ਆਸਟਰੇਲਿਆਈ ਓਲੰਪਿਕ ਕਮੇਟੀ ਨੇ ਅੱਜ ਬੋਰਡ ਦੀ ਇੱਕ ਮੀਟਿੰਗ ਬੁਲਾ ਕੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਕਿ ਜੁਲਾਈ ਵਿੱਚ ਖੇਡਾਂ ਦਾ ਹੋਣਾ ਸੰਭਵ ਨਹੀਂ ਹੈ। ਆਸਟਰੇਲੀਆ ਦੀ ਕਮੇਟੀ ਦੇ ਮੁਖੀ ਇਆਨ ਚੈਸਟਰਮੈਨ ਨੇ ਕਿਹਾ, ‘‘ਇਹ ਸਪੱਸ਼ਟ ਹੈ ਕਿ ਖੇਡਾਂ ਜੁਲਾਈ ਵਿੱਚ ਨਹੀਂ ਹੋਣ ਜਾ ਰਹੀਆਂ। ਤਿਆਰੀ ਅਤੇ ਅਭਿਆਸ ਪ੍ਰਤੀ ਸਾਡੇ ਖਿਡਾਰੀਆਂ ਦਾ ਰਵੱਈਆ ਹਾਂ-ਪੱਖੀ ਹੈ ਪਰ ਤਣਾਅ ਅਤੇ ਬੇਯਕੀਨੀ ਉਨ੍ਹਾਂ ਲਈ ਕਾਫ਼ੀ ਚੁਣੌਤੀਪੂਰਨ ਹੈ।”
ਏਓਸੀ ਦੇ ਮੁੱਖ ਕਾਰਜਕਾਰੀ ਮੈਟ ਕੈਰੋਲ ਨੇ ਕਿਹਾ ਕਿ ਖਿਡਾਰੀਆਂ ਨੂੰ ਆਪਣੀ ਅਤੇ ਪਰਿਵਾਰ ਦੀ ਸਿਹਤ ਨੂੰ ਪਹਿਲ ਦੇਣੀ ਹੋਵੇਗੀ। ਉਨ੍ਹਾਂ ਕਿਹਾ ਕਿ ਆਸਟਰੇਲਿਆਈ ਟੀਮ ਦੇਸ਼-ਵਿਦੇਸ਼ ਵਿੱਚ ਮੌਜੂਦਾ ਹਾਲਾਤ ਵਿੱਚ ਇਕੱਠੀ ਨਹੀਂ ਹੋ ਸਕਦੀ ਅਤੇ ਹੁਣ ਉਸ ਨੂੰ ਅਗਲੇ ਸਾਲ ਓਲੰਪਿਕ ਨੂੰ ਧਿਆਨ ਵਿੱਚ ਰੱਖ ਕੇ ਤਿਆਰੀ ਕਰਨੀ ਚਾਹੀਦੀ ਹੈ। ਬ੍ਰਾਜ਼ੀਲ ਅਤੇ ਸਲੋਵੇਨੀਆ ਦੀਆਂ ਓਲੰਪਿਕ ਕਮੇਟੀਆਂ ਨੇ ਵੀ ਕਿਹਾ ਹੈ ਅਜਿਹੇ ਹਾਲਾਤ ਵਿੱਚ ਉਹ ਆਪਣੇ ਖਿਡਾਰੀਆਂ ਨੂੰ ਓਲੰਪਿਕ ਲਈ ਨਹੀਂ ਭੇਜ ਸਕਦੇ।