ਮੁੰਬਈ, 7 ਅਕਤੂਬਰ

ਸਾਬਕਾ ਦਿੱਗਜ ਹਾਕੀ ਖਿਡਾਰੀ ਧਨਰਾਜ ਪਿੱਲੈ ਦਾ ਮੰਨਣਾ ਹੈ ਕਿ ਰਾਣੀ ਰਾਮਪਾਲ ਦੀ ਕਪਤਾਨੀ ਤੇ ਸਵਿਤਾ ਪੂਨੀਆ ਵਰਗੀ ਗੋਲਕੀਪਰ ਦੀ ਮੌਜੂਦਗੀ ’ਚ ਭਾਰਤੀ ਮਹਿਲਾ ਹਾਕੀ ਟੀਮ ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕਸ ’ਚ ਹੈਰਾਨ ਕਰਨ ਵਾਲੇ ਨਤੀਜੇ ਦੇਣ ਦੇ ਯੋਗ ਹੈ।

ਪਿੱਲੈ ਨੇ ਟੇਬਲ ਟੈਨਿਸ ਖਿਡਾਰੀ ਮੁਦਿਤ ਦਾਨੀ ਦੇ ਪ੍ਰੋਗਰਾਮ ‘ਦਿ ਸਪਾਟਲਾਈਟ’ ’ਚ ਕਿਹਾ, ‘ਸਾਡੇ ਕੋਲ ਰਾਣੀ ਦੇ ਰੂਪ ’ਚ ਸਰਵੋਤਮ ਕਪਤਾਨ ਹੈ। ਮੈਨੂੰ ਲੱਗਦਾ ਹੈ ਕਿ ਰਾਣੀ ਤੇ ਗੋਲਕੀਪਰ ਸਵਿਤਾ ਟੀਮ ਨੂੰ ਪੋਡੀਅਮ ਤੱਕ ਪਹੁੰਚਾ ਸਕਦੀ ਹੈ। ਟੀਮ ਅਸਲ ’ਚ ਸਖ਼ਤ ਮਿਹਨਤ ਕਰ ਰਹੀ ਹੈ, ਓਲੰਪਿਕਸ ਦੀ ਤਿਆਰੀ ’ਚ ਡਟੀ ਹੋਈ ਹੈ ਅਤੇ ਮੈਨੂੰ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ।’ ਰਾਣੀ ਦੀ ਅਗਵਾਈ ਹੇਠ ਭਾਰਤੀ ਟੀਮ 2018 ਏਸ਼ਿਆਈ ਖੇਡਾਂ ’ਚ ਪੋਡੀਅਮ ਤੱਕ ਪਹੁੰਚੀ ਸੀ। ਇਹੀ ਨਹੀਂ ਉਸ ਦੀ ਅਗਵਾਈ ’ਚ ਟੀਮ ਨੇ ਲਗਾਤਾਰ ਦੂਜੀ ਵਾਰ ਓਲੰਪਿਕ ’ਚ ਥਾਂ ਬਣਾਈ ਹੈ। ਟੀਮ ਦੇ ਸਭ ਤੋਂ ਤਜਰਬੇਕਾਰ ਖਿਡਾਰੀਆਂ ’ਚੋਂ ਇੱਕ ਸਵਿਤਾ ਨੇ ਵੀ ਓਲੰਪਿਕ ਕੁਆਲੀਫਾਇਰ ’ਚ ਅਹਿਮ ਭੂਮਿਕਾ ਨਿਭਾਈ ਸੀ। ਚਾਰ ਵਾਰ ਦੇ ਓਲੰਪੀਅਨ ਪਿੱਲੈ ਦਾ ਇਹ ਵੀ ਮੰਨਣਾ ਹੈ ਕਿ ਸਰੀਰਕ ਸਮਰੱਥਾ ਦੇ ਮਾਮਲੇ ’ਚ ਵੀ ਹਾਕੀ ’ਚ ਕਾਫੀ ਤਬਦੀਲੀ ਆਈ ਹੈ।