ਅਹਿਮਦਾਬਾਦ, 19 ਜਨਵਰੀ

ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਨੂੰ ਫਲੂ ਸਮਝ ਕੇ ਦੇਸ਼ ਵਾਸੀ ਇਸ ਨੂੰ ਹਲਕੇ ਵਿੱਚ ਨਾ ਲੈਣ ਅਤੇ ਓਮੀਕਰੋਨ ਤੋਂ ਬਚਾਅ ਲਈ ਇਹਤਿਆਤ ਜ਼ਰੂਰ ਵਰਤਣ ਜਿਨ੍ਹਾਂ ਵਿੱਚ ਕੋਵਿਡ ਰੋਕੂ ਟੀਕਾਕਰਨ, ਮਾਸਕ ਪਹਿਨਣਾ ਤੇ ਸਮਾਜਿਕ ਦੂਰੀ ਕਾਇਮ ਰੱਖਣਾ ਸ਼ਾਮਲ ਹਨ। ਇਹ ਜਾਣਕਾਰੀ ਗੁਜਰਾਤ ਸਰਕਾਰ ਦੀ ਕੋਵਿਡ-19 ਟਾਸਕ ਫੋਰਸ ਨੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਗੁਜਰਾਤ ਵਿੱਚ ਕਰੋਨਾ ਦੇ 17,119 ਨਵੇਂ ਕੇਸ ਸਾਹਮਣੇ ਆਏ ਸਨ ਜਿਸ ਮਗਰੋਂ ਅੱਜ ਟਾਸਕ ਫੋਰਸ ਦੇ ਪੰਜ ਡਾਕਟਰ ਮੀਡੀਆ ਨਾਲ ਰੂਬਰੂ ਹੋਏ। ਉਨ੍ਹਾਂ ਕਿਹਾ ਕਿ ਓਮੀਕਰੋਨ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਵੀ ਦਾਖਲ ਹੋਣਾ ਪੈ ਸਕਦਾ ਹੈ। ਦੱਸਣਯੋਗ ਹੈ ਕਿ ਗੁਜਰਾਤ ਵਿੱਚ ਵਾਇਰਸ ਪੀੜਤ 70 ਤੋਂ 80 ਫੀਸਦ ਲੋਕ ਓਮੀਕਰੋਨ ਦੇ ਮਰੀਜ਼ ਹਨ। ਡਾ. ਸੁਧੀਰ ਸ਼ਾਹ ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਜਾਂ ਹੋਰਨਾ ਲੋਕਾਂ ਦਾ ਟੀਕਾਕਰਨ ਨਹੀਂ ਹੋਇਆ, ਉਹ ਕਰੋਨਾ ਤੋਂ ਬਚਾਅ ਲਈ ਜਲਦੀ ਟੀਕੇ ਲਗਵਾਉਣ ਤੇ ਸਾਵਧਾਨੀਆਂ ਵਰਤਣ।