ਟੋਰਾਂਟੋ— ਓਨਟਾਰੀਓ ਦੀ ਨਵੀਂ ਡਗ ਫੋਰਡ ਸਰਕਾਰ ਨੇ ਪਿਛਲੀ ਲਿਬਰਲ ਸਰਕਾਰ ਦੇ 15 ਸਾਲਾ ਰਾਜ ਦੌਰਾਨ ਕੀਤੇ ਖਰਚਿਆਂ ਦੀ ਜਾਂਚ ਲਈ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਦੀ ਅਗਵਾਈ ‘ਚ ਇਕ ਆਜ਼ਾਦ ਕਮਿਸ਼ਨ ਗਠਤ ਕੀਤਾ ਹੈ। ਓਨਟਾਰੀਓ ਪ੍ਰੀਮੀਅਰ ਨੇ ਕਿਹਾ ਹੈ ਕਿ ਲੋਕਾਂ ਨੂੰ ਇਹ ਜਾਨਣ ਦਾ ਪੂਰਾ ਹੱਕ ਹੈ ਕਿ ਉਨ੍ਹਾਂ ਦਾ ਪੈਸਾ ਹੁਣ ਤੱਕ ਕਿਥੇ ਲੱਗਿਆ ਹੈ।
ਉਨ੍ਹਾਂ ਕਿਹਾ ਕਿ ਕਮਿਸ਼ਨ ਪਿਛਲੇ 15 ਸਾਲਾਂ ‘ਚ ਲਿਬਰਲ ਸਰਕਾਰ ਦੌਰਾਨ ਖਰਚਿਆਂ ਦੀ ਜਾਂਚ ਕਰੇਗਾ, ਇਸ ਨਾਲ ਮੌਜੂਦਾ ਕੰਜ਼ਰਵੇਟਿਸ ਸਰਕਾਰ ਨੂੰ ਸੂਬੇ ਨੂੰ ਵਿੱਤੀ ਸੰਕਟ ‘ਚੋਂ ਕੱਢਣ ‘ਚ ਮਦਦ ਮਿਲੇਗੀ। ਡਗ ਫੋਰਡ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਓਨਟਾਰੀਓ ਦੇ ਲੋਕਾਂ ਅੱਗੇ ਓਨਟਾਰੀਓ ਦੇ ਖਰਚਿਆਂ ਦੀ ਸਹੀ ਤਸਵੀਰ ਰੱਖੀ ਜਾਵੇ। ਲੋਕਾਂ ਨੂੰ ਜਾਨਣ ਦਾ ਪੂਰਾ ਹੱਕ ਹੈ ਕਿ ਉਨ੍ਹਾਂ ਦਾ ਪੈਸਾ ਕਿੱਥੇ ਜਾ ਰਿਹਾ ਹੈ। ਕਿਤੇ ਇਹ ਵਿਅਰਥ ਤਾਂ ਨਹੀਂ ਹੋ ਰਿਹਾ। ਲੋਕਾਂ ਨੂੰ ਜਾਨਣ ਦਾ ਪੂਰਾ ਹੱਕ ਹੈ ਕਿ ਉਨ੍ਹਾਂ ਦਾ ਪੈਸਾ ਸਹੀ ਕੰਮਾਂ ‘ਚ ਖਰਚ ਹੋਇਆ ਹੈ ਜਾਂ ਨਹੀਂ। ਜਾਂਚ ਕਮਿਸ਼ਨ ਦੀ ਅਗਵਾਈ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਲਿਬਰਲ ਪ੍ਰੀਮੀਅਰ ਗੋਰਡਨ ਕੈਂਪਬੈਲ ਕਰਨਗੇ, ਜਿਨ੍ਹਾਂ ਨੇ 2001 ਤੋਂ 2011 ਤੱਕ ਸ਼ਾਸਨ ਕੀਤਾ ਸੀ। ਕਮਿਸ਼ਨ ਆਪਣੀ ਰਿਪੋਰਟ 30 ਅਗਸਤ ਤੱਕ ਸੌਂਪੇਗਾ।