ਟੋਰਾਂਟੋ—ਓਨਟਾਰੀਓ ਪੀ.ਸੀ. ਪਾਰਟੀ ਦੇ ਪ੍ਰਧਾਨ ਰਿਕ ਡਾਇਕਸਟਰਾ ਨੇ ਐਤਵਾਰ ਰਾਤ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ‘ਚ ਅੰਦਰੂਨੀ ਜੰਗ ਛਿੜ ਚੁੱਕੀ ਹੈ ਜਿਸ ਦੇ ਨਤੀਜੇ ਵਜੋਂ ਪੈਟ੍ਰਿਕ ਬ੍ਰਾਊਨ ਦੇ ਵਫ਼ਾਦਾਰਾਂ ਨੂੰ ਉਚ ਅਹੁਦਿਆਂ ਤੋਂ ਹੱਟਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪੈਟ੍ਰਿਕ ਬ੍ਰਾਊਨ ਦੇ ਪੁਰਾਣੀ ਸਾਥੀ ਬੌਬ ਸਟੈਨਲੇ ਨੂੰ ਵੀ ਪਿਛਲੇ ਦਿਨੀ ਬਰਖਾਸਤ ਕਰ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਜਿਸਮਾਨੀ ਸ਼ੋਸ਼ਣ ਦੇ ਦੋਸ਼ ਲੱਗਣ ਕਾਰਨ ਪੈਟ੍ਰਿਕ ਬ੍ਰਾਊਨ ਨੇ ਪਾਰਟੀ ਆਗੂ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਰਿਕ ਡਾਇਕਸਟਰਾ ਜੋ ਮਾਰਚ 2016 ਤੋਂ ਓਨਟਾਰੀਓ ਪੀ.ਸੀ. ਪਾਰਟੀ ਦੇ ਪ੍ਰਧਾਨ ਸਨ ਨੇ ਕਿਹਾ ਕਿ ਦੋ ਸਾਲ ਤਕ ਅਹੁਦੇ ‘ਤੇ ਰਹਿਣ ਦੌਰਾਨ ਮਹਿਸੂਸ ਹੋ ਗਿਆ ਕਿ ਪਾਰਟੀ ਆਉਂਦੀਆਂ ਵਿਧਾਨ ਸਭਾ ਚੋਣਾਂ ਲੜਨ ਦੇ ਸਮਰੱਥ ਹੋ ਗਈ ਹੈ। ਸ਼ਨੀਵਾਰ ਸਵੇਰੇ ਔਟਾਂਵਾ ਦੇ ਕਾਰੋਬਾਰੀ ਅਤੇ ਪੀ.ਸੀ. ਪਾਰਟੀ ਨੂੰ ਚੰਦਾ ਇੱਕਠਾ ਕਰਨ ‘ਚ ਮਦਦ ਕਰਨ ਵਾਲੇ ਥੌਮ ਬੈਨੇਟ ਨੇ ਪਾਰਟੀ ਮੈਂਬਰਾਂ ਨੂੰ ਇਕ ਗੁਪਤ ਪੱਤਰ ਲਿਖਿਆ ਸੀ ਜਿਸ ‘ਚ ਕਾਨੂੰਨੀ ਫੀਸ ‘ਤੇ ਜ਼ਰੂਰਤ ਤੋਂ ਜ਼ਿਆਦਾ ਫੰਡ ਖਰਚ ਕੀਤੇ ਜਾਣ ਦਾ ਜ਼ਿਕਰ ਕੀਤਾ ਗਿਆ ਸੀ। ਡਾਇਕਸਟਰਾ ਨੇ ਇਨ੍ਹਾਂ ਦੋਸ਼ਾਂ ਬਾਰੇ ਕੋਈ ਵੀ ਟਿੱਪਣੀ ਨਹੀਂ ਕੀਤੀ ਜਦਕਿ ਪੀ.ਸੀ. ਪਾਰਟੀ ਦੇ ਅੰਤਰਮ ਆਗੂ ਵਿਕ ਫੈਡਲੀ ਨੇ ਕਿਹਾ ਕਿ ਪੱਤਰ ‘ਚ ਲਾਏ ਗਏ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣਾ ਲਾਜ਼ਮੀ ਸੀ। ਪੀ.ਸੀ. ਪਾਰਟੀ ‘ਚ ਵਧ ਰਹੇ ਵਿਵਾਦਾਂ ਤੋਂ ਓਨਟਾਰੀਓ ‘ਚ ਸੱਤਧਾਰੀ ਲਿਬਲਰ ਪਾਰਟੀ ਗੁੱਝਾ ਹਾਸਾ ਹੱਸ ਰਹੀ ਹੈ ਕਿਉਂਕਿ ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਓਨਟਾਰੀਓ ਵਿਧਾਨ ਸਭਾ ਚੋਣਾਂ ‘ਚ ਸਿਰਫ ਚਾਰ ਮਹੀਨੇ ਬਾਕੀ ਰਹਿ ਗਏ ਹਨ। ਕੁਝ ਲੋਕ ਪੈਟ੍ਰਿਕ ਬ੍ਰਾਊਨ ਦੇ ਮੁੱਦੇ ਕਾਰਨ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਤੋਂ ਮੂੰਹ ਮੋੜ ਸਕਦੇ ਹਨ ਜਦਕਿ ਅੰਦਰੂਨੀ ਲੜਾਈ ਦਾ ਵੀ ਮਾੜਾ ਅਸਰ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।