ਓਟਾਵਾ— ਕੈਨੇਡਾ ਦੇ ਓਨਟਾਰੀਓ ਸੂਬੇ ਦੀ ਕੈਬਨਿਟ ‘ਚ ਭਾਰਤੀ ਮੂਲ ਦੀਆਂ ਦੋ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਕੈਥਲੀਨ ਵੇਨ ਨੇ ਹਰਿੰਦਰ ਮਾਲਹੀ (38 ਸਾਲ) ਤੇ ਇੰਦਰਾ ਨਾਇਡੂ ਹੈਪਿਸ ਨੂੰ ਆਪਣੀ ਕੈਬਨਿਟ ‘ਚ ਸ਼ਾਮਲ ਕੀਤਾ। ਪ੍ਰਧਾਨ ਮੰਤਰੀ ਵੇਨ ਨੇ ਹਰਿੰਦਰ ਮਾਲਹੀ ਨੂੰ ਬਰੈਂਪਟਨ-ਸਿਪ੍ਰੰਗਡੇਲ ਲਈ ਇਕ ਸੰਸਦ ਮੈਂਬਰ ਵਜੋਂ ਨਿਯੁਕਤ ਕੀਤਾ ਹੈ। ਹਰਿੰਦਰ ਮਾਲਹੀ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਕਤਲੇਆਮ ਦੇ ਤੌਰ ‘ਤੇ ਮਾਨਤਾ ਦੇਣ ਲਈ ਪਿਛਲੇ ਸਾਲ ਅਪ੍ਰੈਲ ‘ਚ ਸੂਬਾਈ ਅਸੈਂਬਲੀ ‘ਚ ਪ੍ਰਸਤਾਵ ਲੈ ਕੇ ਆਈ ਸੀ ਤੇ ਇਹ ਪ੍ਰਸਤਾਵ ਪਾਸ ਵੀ ਹੋ ਗਿਆ ਸੀ। ਭਾਰਤ ਨੇ ਇਸ ਕਦਮ ਨੂੰ ਲੈ ਕੇ ਸਖਤ ਇਤਰਾਜ਼ ਜ਼ਾਹਿਰ ਕੀਤਾ ਸੀ। ਤੁਹਾਨੂੰ ਦੱਸ ਦਈਏ ਕਿ ਮਾਲਹੀ ਕੈਨੇਡਾ ਦੇ ਪਹਿਲੇ ਸਿੱਖ ਸੰਸਦ ਗੁਰਬਖਸ਼ ਸਿੰਘ ਮਾਲਹੀ ਦੀ ਧੀ ਹੈ। ਇਸ ਦੇ ਨਾਲ ਹੀ ਭਾਰਤੀ ਮੂਲ ਦੀ ਇੰਦਰਾ ਨਾਇਡੂ ਨੂੰ ਪ੍ਰੋਵਿੰਸ਼ੀਅਲ ਪਾਰਲੀਮੈਂਟ ਮੈਂਬਰ ‘ਚ ਸਿੱਖਿਆ ਮੰਤਰੀ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਹੈ ਤੇ ਉਹ ਅਰਲੀ ਈਅਰ ਤੇ ਚਾਈਲਡ ਕੇਅਰ ਦੀ ਮੰਤਰੀ ਵੀ ਰਹਿਣਗੀ।