ਓਨਟਾਰੀਓ— ਕੈਨੇਡਾ ਦੇ ਸੂਬੇ ਓਨਟਾਰੀਓ ‘ਚ ਬੀਤੇ ਸ਼ੁੱਕਰਵਾਰ ਨੂੰ ਟੋਰਾਂਟੋ ਦੀ ਰਹਿਣ ਵਾਲੀ 11 ਸਾਲਾਂ ਕੁੜੀ ਦਾ ਹਿਜਾਬ ਕੱਟਣ ਦੀ ਕੋਸ਼ਿਸ਼ ਕਰਨ ਦੀ ਘਟਨਾ ਸੁਰਖੀਆਂ ਵਿਚ ਬਣੀ ਰਹੀ। ਇਸ ਘਟਨਾ ਤੋਂ ਬਾਅਦ ਕੁੜੀ ਦੇ ਪਰਿਵਾਰ ਨੇ ਮੁਆਫ਼ੀ ਮੰਗੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਨਾਲ ਅਜਿਹੀ ਕੋਈ ਘਟਨਾ ਵਾਪਰੀ ਹੀ ਨਹੀਂ ਸੀ, ਇਸ ਲਈ ਅਸੀਂ ਮੁਆਫ਼ੀ ਮੰਗਦੇ ਹਾਂ। 
ਦੱਸਣਯੋਗ ਹੈ ਕਿ ਕੁੜੀ ਦੇ ਪਰਿਵਾਰ ਨੇ ਪੁਲਸ ‘ਚ ਰਿਪੋਰਟ ਦਰਜ ਕਰਵਾਈ ਸੀ ਕਿ ਇਕ ਵਿਅਕਤੀ ਵਲੋਂ ਉਨ੍ਹਾਂ ਦੀ ਧੀ ਦਾ ਕੈਂਚੀ ਨਾਲ ਹਿਜਾਬ ਕੱਟਣ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਤੋਂ ਬਾਅਦ ਪੁਲਸ ਨੇ ਜਾਂਚ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਹਿਜਾਬ ਕੱਟਣ ਦੀ ਕੋਈ ਘਟਨਾ ਵਾਪਰੀ ਹੀ ਨਹੀਂ ਸੀ, ਜਿਸ ਤੋਂ ਬਾਅਦ ਬੁੱਧਵਾਰ ਨੂੰ ਪਰਿਵਾਰ ਨੇ ਮੀਡੀਆ ‘ਚ ਬਿਆਨ ਦਿੱਤਾ, ”ਹਿਜਾਬ ਕੱਟਣ ਦੀ ਘਟਨਾ ਝੂਠੀ ਸੀ ਅਤੇ ਅਸੀਂ ਸਾਰੇ ਕੈਨੇਡੀਅਨਾਂ ਤੋਂ ਮੁਆਫ਼ੀ ਮੰਗਦੇ ਹਾਂ। ਅਸੀਂ ਆਪਣੇ ਦਰਦ ਅਤੇ ਗੁੱਸੇ ਲਈ ਅਫਸੋਸ ਜ਼ਾਹਰ ਕਰਦੇ ਹਾਂ, ਜੋ ਕਿ ਪਿਛਲੇ ਕਈ ਦਿਨਾਂ ਤੋਂ ਜ਼ਾਹਰ ਕੀਤਾ ਹੈ।”
ਹਾਲਾਂਕਿ ਕਿ ਪਰਿਵਾਰ ਵਲੋਂ ਇਹ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਦੀ ਧੀ ਨੇ ਅਜਿਹਾ ਕਿਉਂ ਕੀਤਾ। ਕੁੜੀ ਨਾਲ ਵਾਪਰੀ ਇਸ ਘਟਨਾ ਦਾ ਵੱਡੇ ਪੱਧਰ ‘ਤੇ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਕੁੜੀ ਨੇ ਰਿਪੋਰਟ ‘ਚ ਕਿਹਾ ਸੀ ਕਿ ਜਦੋਂ ਉਹ ਆਪਣੇ ਭਰਾ ਨਾਲ ਸਕੂਲ ਜਾ ਰਹੀ ਸੀ ਤਾਂ ਇਕ ਵਿਅਕਤੀ ਵਲੋਂ ਉਸ ਦਾ ਦੋ ਵਾਰ ਕੈਂਚੀ ਨਾਲ ਹਿਜਾਬ ਕੱਟਣ ਦੀ ਕੋਸ਼ਿਸ਼ ਕੀਤੀ ਗਈ। ਕੁੜੀ ਵਲੋਂ ਰਚੀ ਇਸ ਪੂਰੀ ਕਹਾਣੀ ਨੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਕੈਲਗਰੀ ਦੇ ਮੁਸਲਿਮ ਭਾਈਚਾਰੇ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਵਿਰੋਧ ਜ਼ਾਹਰ ਕੀਤਾ ਸੀ। ਇੱਥੋਂ ਤੱਕ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਓਨਟਾਰੀਓ ਦੇ ਪ੍ਰੀਮੀਅਰ ਕੈਥਲੀਨ ਵਿੰਨੇ ਅਤੇ ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਇਸ ਘਟਨਾ ਦੀ ਨਿੰਦਾ ਕੀਤੀ।