ਮੁੰਬਈ, 6 ਜਨਵਰੀ

ਅਦਾਕਾਰ-ਕਾਮੇਡੀਅਨ ਕਪਿਲ ਸ਼ਰਮਾ ਜਲਦੀ ਹੀ ਡਿਜੀਟਲ ਪਲੈਟਫਾਰਮ ’ਤੇ ਆ ਰਹੇ ਹਨ। ਹਾਲਾਂਕਿ ਇਹ ਹਾਲੇ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦਾ ਇਹ ਪ੍ਰਾਜੈਕਟ ਕਾਮੇਡੀ ਸਪੈਸ਼ਲ ਹੈ, ਕੋਈ ਸੀਰੀਜ਼ ਹੈ ਜਾਂ ਫਿਲਮ। ਇਸ ਸਬੰਧੀ ਕਪਿਲ ਨੇ ਕਿਹਾ, ‘‘ਮੈਂ ਪਹਿਲੀ ਵਾਰ ਨੈੱਟਫਲਿਕਸ ਨਾਲ ਕੰਮ ਕਰਨ ਨੂੰ ਲੈ ਕੇ ਬਹੁਤ ਉਤਸਾਹਿਤ ਹਾਂ। ਸਾਲ 2020 ਦੁਨੀਆ ਭਰ ਦੇ ਲੋਕਾਂ ਲਈ ਖਾਸਾ ਉਤਰਾਅ-ਚੜ੍ਹਾਅ ਵਾਲਾ ਰਿਹਾ ਹੈ ਅਤੇ ਮੇਰਾ ਮਕਸਦ ਹੈ ਕਿ ਲੋਕਾਂ ਨੂੰ ਉਨ੍ਹਾਂ ਦੀਆਂ ਚਿੰਤਾਵਾਂ ਭੁਲਾ ਕੇ ਪਿਆਰ, ਹਾਸਾ ਤੇ ਸਕਾਰਾਤਮਕਤਾ ਨਾਲ ਨਵੇਂ ਸਾਲ ਦਾ ਸਵਾਗਤ ਕਰਨ ’ਚ ਮਦਦ ਕਰਾਂ।’’ ਉਨ੍ਹਾਂ ਮਜ਼ਾਹੀਆ ਅੰਦਾਜ਼ ਵਿੱਚ ਕਿਹਾ ਕਿ ਉਹ ਹਮੇਸ਼ਾਂ ਤੋਂ ਨੈੱਟਫਲਿਕਸ ਨਾਲ ਕੰਮ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਕੋਲ ਉਨ੍ਹਾਂ ਦਾ ਨੰਬਰ ਨਹੀਂ ਸੀ। ਉਨ੍ਹਾਂ ਕਿਹਾ,‘‘ ਇਹ ਪ੍ਰਾਜੈਕਟ ਮੇਰੇ ਦਿਲ ਦੇ ਕਰੀਬ ਹੈ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਇਸ ਬਾਰੇ ਜ਼ਿਆਦਾ ਗੱਲਾਂ ਸਾਂਝੀਆਂ ਕਰਨ ਲਈ ਮੈਂ ਇੰਤਜ਼ਾਰ ਨਹੀਂ ਕਰ ਪਾ ਰਿਹਾ।’’ ਕਪਿਲ ਨੇ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵੀ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ ਉਹ ਆਪਣੇ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਰਾਹੀਂ 2016 ਤੋਂ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ‘ਕਿਸ ਕਿਸ ਕੋ ਪਿਆਰ ਕਰੂੰ’ ਤੇ ‘ਫਿਰੰਗੀ’ ਵਰਗੀਆਂ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ।