* ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ’ਤੇ ਆਗੂਆਂ ਨੇ ਸ਼ਮੂਲੀਅਤ ਦੀ ਭਰੀ ਹਾਮੀ
ਪੇਈਚਿੰਗ/ਇਸਲਾਮਾਬਾਦ, 30 ਜੂਨ
ਭਾਰਤ ਦੀ ਮੇਜ਼ਬਾਨੀ ਹੇਠ ਹੋ ਰਹੇ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦੇ ਸਿਖਰ ਸੰਮੇਲਨ ’ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵਰਚੁਅਲੀ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਦੋਵੇਂ ਆਗੂ ਵੀਡੀਓ ਕਾਨਫਰੰਸਿੰਗ ਰਾਹੀਂ 4 ਜੁਲਾਈ ਨੂੰ ਹੋਣ ਵਾਲੀ ਮੀਟਿੰਗ ’ਚ ਹਾਜ਼ਰੀ ਭਰਨਗੇ। ਸਿਖਰ ਸੰਮੇਲਨ ਦੌਰਾਨ ਆਗੂਆਂ ਵੱਲੋਂ ਅਹਿਮ ਆਲਮੀ ਅਤੇ ਖੇਤਰੀ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਐੱਸਸੀਓ ਦੇ ਮੈਂਬਰ ਮੁਲਕਾਂ ’ਚ ਸਹਿਯੋਗ ਵਧਾਉਣ ਬਾਰੇ ਵੀ ਰੂਪ-ਰੇਖਾ ਉਲੀਕੀ ਜਾਵੇਗੀ। ਇਸ ਵਰ੍ਹੇ ਐੱਸਸੀਓ ਸਿਖਰ ਸੰਮੇਲਨ ’ਚ ਨਵੇਂ ਮੈਂਬਰ ਵਜੋਂ ਇਰਾਨ ਦਾ ਸਵਾਗਤ ਕੀਤਾ ਜਾਵੇਗਾ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਹੁਆ ਚੁਨਯਿੰਗ ਨੇ ਇਕ ਬਿਆਨ ’ਚ ਕਿਹਾ ਕਿ ਜਿਨਪਿੰਗ ਮੀਟਿੰਗ ਦੌਰਾਨ ਅਹਿਮ ਮੁੱਦਿਆਂ ’ਤੇ ਗੱਲਬਾਤ ਵੀ ਕਰਨਗੇ। ਭਾਰਤ ਦੀ ਮੇਜ਼ਬਾਨੀ ਹੇਠ ਹੋ ਰਹੇ ਐੱਸਸੀਓ ਸਿਖਰ ਸੰਮੇਲਨ ’ਚ ਸ਼ੀ ਦੀ ਸ਼ਮੂਲੀਅਤ ਦਾ ਪਹਿਲੀ ਵਾਰ ਸਰਕਾਰੀ ਤੌਰ ’ਤੇ ਐਲਾਨ ਕੀਤਾ ਗਿਆ ਹੈ। ਸਿਖਰ ਸੰਮੇਲਨ ਤੋਂ ਪਹਿਲਾਂ ਭਾਰਤ ਨੇ ਮੰਗਲਵਾਰ ਨੂੰ ਪੇਈਚਿੰਗ ’ਚ ਐੱਸਸੀਓ ਸਕੱਤਰੇਤ ’ਚ ਆਲੀਸ਼ਾਨ ਢੰਗ ਨਾਲ ਤ ਿਅਾਰ ਕੀਤੇ ਗਏ ‘ਨਿੳੂ ਦਿੱਲੀ ਹਾਲ’ ਦਾ ਉਦਘਾਟਨ ਕੀਤਾ। ਹਾਲ ਦਾ ਵਰਚੁਅਲੀ ਉਦਘਾਟਨ ਕਰਦਿਆਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਇਹ ‘ਮਿਨੀ ਇੰਡੀਆ’ ’ਤੇ ਆਧਾਰਿਤ ਹੈ ਜਿਸ ’ਚ ਭਾਰਤੀ ਸੱਭਿਆਚਾਰ ਦੇ ਵੱਖ ਵੱਖ ਰੂਪਾਂ ਨੂੰ ਦਰਸਾਇਆ ਗਿਆ ਹੈ। ਉਧਰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸ਼ਾਹਬਾਜ਼ ਸ਼ਰੀਫ਼ ਦੇ ਐੱਸਸੀਓ ਮੀਟਿੰਗ ’ਚ ਵਰਚੁਅਲੀ ਹਿੱਸਾ ਲੈਣ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਮੰਚ ਖ਼ਿੱਤੇ ਦੀ ਸੁਰੱਖਿਆ ਅਤੇ ਖ਼ੁਸ਼ਹਾਲੀ ਲਈ ਅਹਿਮ ਹੈ। ਪਿਛਲੇ ਸਾਲ ਉਜ਼ਬੇਕਿਸਤਾਨ ਦੇ ਸ਼ਹਿਰ ਸਮਰਕੰਦ ’ਚ ਐੱਸਸੀਓ ਦੀ ਮੀਟਿੰਗ ਹੋਈ ਸੀ ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਸਮੇਤ ਹੋਰ ਆਗੂਆਂ ਨੇ ਹਿੱਸਾ ਲਿਆ ਸੀ।