ਇਸਲਾਮਾਬਾਦ/ਨਵੀਂ ਦਿੱਲੀ:ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਬੈਠਕ ਵਿੱਚ ਸ਼ਾਮਲ ਹੋਣ ਲਈ ਅਗਲੇ ਮਹੀਨੇ ਭਾਰਤ ਜਾਣਗੇ। ਭੁੱਟੋ ਦੀ ਇਹ ਫੇਰੀ ਦੋਵਾਂ ਗੁਆਢੀਆਂ ਦਰਮਿਆਨ ਬਣੇ ਜਮੂਦ ਨੂੰ ਤੋੜਨ ਦਾ ਇਕ ਮੌਕਾ ਹੋ ਸਕਦੀ ਹੈ। ਇਸ ਦੌਰਾਨ ਭਾਰਤ ਨੇ ਕਿਹਾ ਕਿ ਐੱਸਸੀਓ ਵਾਰਤਾ ਦੌਰਾਨ ਕਿਸੇ ਇਕ ਮੁਲਕ ਦੀ ਸ਼ਮੂਲੀਅਤ ’ਤੇ ਧਿਆਨ ਕੇਂਦਰਤ ਕਰਨਾ ਢੁੱਕਵਾਂ ਨਹੀਂ ਹੋਵੇਗਾ। ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਐੱਸਸੀਓ ਦੀ ਚੇਅਰ ਹੋਣ ਦੇ ਨਾਤੇ ਭਾਰਤ ਨੇ ਸਮੂਹ ’ਚ ਸ਼ਾਮਲ ਸਾਰੇ ਮੈਂਬਰ ਮੁਲਕਾਂ ਤੇ ਨਿਮੰਤਰਿਤ ਮੁਲਕਾਂ ਨੂੰ ਸੱਦਾ ਭੇਜਿਆ ਹੈ। ਬਾਗਚੀ ਨੇ ਕਿਹਾ, ‘‘ਅਸੀਂ ਇਸ ਵਾਰਤਾ ਨੂੰ ਸਫ਼ਲ ਬਣਾਉਣ ਲਈ ਵਚਨਬੱਧ ਹਾਂ। ਕਿਸੇ ਇਕ ਖਾਸ ਮੁਲਕ ਵੱਲ ਧਿਆਨ ਕੇਂਦਰਤ ਕਰਨਾ ਢੁੱਕਵਾਂ ਨਹੀਂ ਹੋਵੇਗਾ।’’ ਇਸ ਤੋਂ ਪਹਿਲਾਂ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮੁਮਤਾਜ ਜ਼ਾਹਰਾ ਬਲੋਚ ਨੇ ਇਸਲਾਮਾਬਾਦ ਵਿੱਚ ਮੀਡੀਆ ਨਾਲ ਹਫ਼ਤਾਵਾਰੀ ਮੀਟਿੰਗ ਦੌਰਾਨ ਕਿਹਾ, ‘‘ਬਿਲਾਵਲ ਭੁੱਟੋ ਭਾਰਤ ਦੇ ਗੋਆ ਵਿੱਚ 4-5 ਮਈ ਨੂੰ ਹੋਣ ਵਾਲੀ ਐੱਸਸੀਓ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਕੌਂਸਲ (ਸੀਐੱਫਐੱਮ) ਵਿੱਚ ਪਾਕਿਸਤਾਨੀ ਵਫ਼ਦ ਦੀ ਅਗਵਾਈ ਕਰਨਗੇ।’’ ਚੇਤੇ ਰਹੇ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਬਿਲਾਵਲ ਦੀ ਇਸ ਤਜਵੀਜ਼ਤ ਫੇਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਾੲੇ ਜਾ ਰਹੇ ਸਨ। ਬਲੋਚ ਨੇ ਕਿਹਾ ਕਿ ਭੁੱਟੋ ਭਾਰਤ ਵਿੱਚ ਹੋਣ ਵਾਲੀ ਬੈਠਕ ’ਚ ਸ਼ਾਮਲ ਹੋਣਗੇ ਕਿਉਂਕਿ ਭਾਰਤੀ ਹਮਰੁਤਬਾ ਐੱਸ.ਜੈਸ਼ੰਕਰ ਨੇ ਐੱਸਸੀਓ ਮੀਟ ਲਈ ਅਧਿਕਾਰਤ ਸੱਦਾ ਭੇਜਿਆ ਹੈ। ਤਰਜਮਾਨ ਨੇ ਕਿਹਾ, ‘‘ਮੀਟਿੰਗ ਵਿੱਚ ਸਾਡੀ ਸ਼ਮੂਲੀਅਤ ਐੱਸਸੀਓ ਚਾਰਟਰ ਨੂੰ ਲੈ ਕੇ ਪਾਕਿਸਤਾਨ ਦੀ ਵਚਨਬੱਧਤਾ ਤੇ ਇਸ ਅਹਿਮੀਅਤ ਨੂੰ ਦਰਸਾਉਂਦੀ ਹੈ ਕਿ ਪਾਕਿਸਤਾਨ ਦੀਆਂ ਵਿਦੇਸ਼ ਨੀਤੀ ਨਾਲ ਜੁੜੀਆਂ ਤਰਜੀਹਾਂ ਖੇਤਰ ਦੇ ਅਨੁਕੂਲ ਹਨ। ਭੁੱਟੋ ਦਾ ਭਾਰਤ ਦੌਰਾ ਹਾਲੀਆ ਸਾਲਾਂ ਵਿੱਚ ਕਿਸੇ ਪਾਕਿਸਤਾਨੀ ਆਗੂ ਦੀ ਪਲੇਠੀ ਉੱਚ ਪੱਧਰੀ ਫੇਰੀ ਹੋਵੇਗੀ।