ਸ੍ਰੀ ਗੋਇੰਦਵਾਲ ਸਾਹਿਬ/ਕਪੂਰਥਲਾ, 20 ਅਗਸਤ
ਤਲਵੰਡੀ ਚੌਧਰੀਆਂ ਵਿੱਚ ਗੋਇੰਦਵਾਲ ਬਿਆਸ ਦਰਿਆ ਦੇ ਪੁਲ ’ਤੇ ਦੋ ਸਕੇ ਭਰਾਵਾਂ ਨੇ ਛਾਲ ਮਾਰ ਦਿੱਤੀ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਬੀਤੀ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ ਜਿਸ ਦੌਰਾਨ ਛੋਟੇ ਭਰਾ ਨੇ ਪਹਿਲਾਂ ਦਰਿਆ ਵਿਚ ਛਾਲ ਮਾਰ ਦਿੱਤੀ ਜਿਸ ਨੂੰ ਬਚਾਉਂਦਾ ਹੋਇਆ ਦੂਜਾ ਭਰਾ ਵੀ ਡੁੱਬ ਗਿਆ। ਪੀੜਤ ਪਰਿਵਾਰ ਨੇ ਜਲੰਧਰ ਦੇ ਥਾਣਾ ਮੁਖੀ ’ਤੇ ਜ਼ਲੀਲ ਕਰਨ ਤੇ ਤਸ਼ੱਦਦ ਢਾਹੁਣ ਦੇ ਦੋਸ਼ ਲਾਏ ਹਨ।
ਸ਼ਿਕਾਇਤਕਰਤਾ ਮਾਨਵਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਦੋਸਤ ਦੀ ਭੈਣ ਪਰਮਿੰਦਰ ਕੌਰ ਦਾ ਆਪਣੇ ਪਤੀ ਗੁਰਮੀਤ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਹੈ, ਜਿਸ ਸਬੰਧੀ ਉਹ ਥਾਣਾ ਡਿਵੀਜ਼ਨ ਨੰਬਰ 1 ਜਲੰਧਰ ਵਿਚ ਪੰਚਾਇਤ ਦੌਰਾਨ ਗਏ ਸਨ। ਥਾਣੇ ਵਿਚ 16 ਅਗਸਤ ਨੂੰ ਦੋਵਾਂ ਧਿਰਾਂ ਦੀ ਬਹਿਸ ਹੋ ਗਈ ਜਿਸ ਦੌਰਾਨ ਲੜਕਾ ਧਿਰ ਨੇ ਉਨ੍ਹਾਂ ਦੀ ਲੜਕੀ ਪਰਮਿੰਦਰ ਕੌਰ ਅਤੇ ਮਾਨਵਜੀਤ ਸਿੰਘ ਢਿੱਲੋਂ ਨਾਲ ਗਾਲੀ-ਗਲੋਚ ਕੀਤਾ ਤੇ ਮੌਕੇ ’ਤੇ ਮੌਜੂਦ ਪੁਲੀਸ ਮੁਲਾਜ਼ਮਾਂ ਨੇ ਦੂਜਿਆਂ ਦੀ ਥਾਂ ਉਨ੍ਹਾਂ ਨੂੰ ਥਾਣੇ ਤੋਂ ਬਾਹਰ ਕਰ ਦਿੱਤਾ ਤੇ ਕੁਝ ਦੇਰ ਬਾਅਦ ਮਾਨਵਜੀਤ ਢਿੱਲੋਂ ਨੂੰ ਐੱਸਐੱਚਓ ਨਵਦੀਪ ਸਿੰਘ ਕੋਲ ਪੇਸ਼ ਕੀਤਾ ਜਿਸ ਦੀ ਕੁੱਟਮਾਰ ਕੀਤੀ ਤੇ ਪੱਗ ਵੀ ਲਾਹ ਦਿੱਤੀ ਗਈ। ਅਗਲੇ ਦਿਨ ਜਸ਼ਨਦੀਪ ਘਰ ਤੋਂ ਬਿਨਾਂ ਦੱਸੇ ਚਲਾ ਗਿਆ। ਮਾਨਵਜੀਤ ਨੇ ਜਸ਼ਨਬੀਰ ਨੂੰ ਫੋਨ ਕੀਤਾ ਤਾਂ ਜਸ਼ਨਬੀਰ ਨੇ ਕਿਹਾ ਕਿ ਉਹ ਥਾਣੇਦਾਰ ਨਵਦੀਪ ਸਿੰਘ ਦੇ ਜ਼ਲੀਲ ਕਰਨ ’ਤੇ ਦਰਿਆ ਵਿਚ ਛਾਲ ਮਾਰਨ ਜਾ ਰਿਹਾ ਹੈ। ਉਸ ਨੇ ਜਾ ਕੇ ਜਸ਼ਨਬੀਰ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਜਸ਼ਨਬੀਰ ਨੇ ਛਾਲ ਮਾਰ ਦਿੱਤੀ। ਉਸ ਮਗਰ ਹੀ ਮਾਨਵਜੀਤ ਨੇ ਵੀ ਛਾਲ ਮਾਰ ਦਿੱਤੀ।