ਪਟਨਾ, 26 ਸਤੰਬਰ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਆਰਐੱਸਐੱਸ ਵਿਦਵਾਨ ਦੀਨ ਦਿਆਲ ਉਪਾਧਿਆਏ ਦੀ ਜੈਅੰਤੀ ਮੌਕੇ ਕਰਵਾਏ ਇੱਕ ਸਮਾਗਮ ਵਿੱਚ ਸ਼ਾਮਲ ਹੋਏ ਪਰ ਉਨ੍ਹਾਂ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਵਿੱਚ ਵਾਪਸੀ ਤੋਂ ਇਨਕਾਰ ਕਰਦਿਆਂ ਕਿਹਾ ਆਪਣੀ ਵਾਪਸੀ ਦੀਆਂ ਅਟਕਲਾਂ ਖਾਰਜ ਕਰ ਦਿੱਤੀਆਂ। ਉਹ ਇੱਥੇ ਰਾਜੇਂਦਰ ਨਗਰ ਇਲਾਕੇ ਦੇ ਇੱਕ ਪਾਰਕ ਵਿੱਚ ਕਰਵਾਏ ਇੱਕ ਸਮਾਗਮ ਵਿੱਚ ਹਿੱਸਾ ਲੈਣ ਪੁੱਜੇ ਸਨ, ਜਿਸਨੂੰ ਉਨ੍ਹਾਂ ਦੀ ਸਰਕਾਰ ਭਾਜਪਾ ਨਾਲ ਸੱਤਾ’ਚ ਭਾਈਵਾਲੀ ਦੌਰਾਨ ਦੇ ਸਮੇਂ ਤੋਂ ਹੀ ਕਰਵਾ ਰਹੀ ਹੈ। ਨਿਤੀਸ਼ ਕੁਮਾਰ ਨਾਲ ਹੋਰ ਲੋਕਾਂ ਤੋਂ ਇਲਾਵਾ, ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਹਾਜ਼ਰ ਸਨ, ਜਿਨ੍ਹਾਂ ਸ੍ਰੀ ਉਪਾਧਿਆਏ ਦੀ ਮੂਰਤੀ ਅੱਗੇ ਸ਼ਰਧਾਂਜਲੀ ਭੇਟ ਕੀਤੀ। ਪੱਤਰਕਾਰਾਂ ਨੇ ਸ੍ਰੀ ਤੇਜਸਵੀ ਤੋਂ ਪੁੱਛਿਆ ਕਿ ਉਨ੍ਹਾਂ ਕਿਹਾ ਸੀ ਕਿ ਉਹ ਸੱਤਾ ਵਿੱਚ ਆਉਣ ’ਤੇ ਆਰਐੱਸਐੱਸ ਆਗੂਆਂ ਦੀ ਯਾਦ ਵਿੱਚ ਹੋਣ ਵਾਲੇ ਸਮਾਗਮ ਬੰਦ ਕਰ ਦੇਣਗੇ ਤਾਂ ਉਨ੍ਹਾਂ ਕਿਹਾ,‘ਉਨ੍ਹਾਂ ਅਜਿਹਾ ਕਦੇ ਨਹੀਂ ਕਿਹਾ।’

ਜਦੋਂ ਪੱਤਰਕਾਰਾਂ ਨੇ ਮੁੱਖ ਮੰਤਰੀ ਤੋਂ ਉਨ੍ਹਾਂ ਵੱਲੋਂ ਐੱਨਡੀਏ ਵੱਲ ਝੁਕਾਅ ਦੀਆਂ ਅਟਕਲਾਂ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਲੋਕ ਅਜਿਹੀਆਂ ਫਾਲਤੂ ਗੱਲਾਂ ਕਿਉਂ ਕਰ ਰਹੇ ਹਨ? ਜੇਡੀਯੂ ਆਗੂ ਮਹੇਸ਼ਵਰ ਹਜ਼ਾਰੀ ਵੱਲੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਲਾਇਕ ਦੱਸਣ ਸਬੰਧੀ ਪੁੱਛੇ ਇੱਕ ਸੁਆਲ ਦੇ ਜੁਆਬ ’ਚ ਕਿਹਾ,‘ਮੈਨੂੰ ਕਿਸੇ ਅਹੁਦੇ ਦੀ ਲਾਲਸਾ ਨਹੀਂ ਹੈ। ਮੈਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ’ਚ ਲੱਗਾ ਹੋਇਆ ਹਾਂ।’ ਇਸ ਦੌਰਾਨ ‘ਇੰਡੀਆ’ ਬਲਾਕ ਦੀ ਅਗਲੀ ਮੀਟਿੰਗ ਤੇ ਅਗਲੀ ਰਣਨੀਤੀ ਸਬੰਧੀ ਪੁੱਛੇ ਇੱਕ ਸੁਆਲ ਦੇ ਜੁਆਬ ’ਚ ਉਨ੍ਹਾਂ ਕਿਹਾ ਕਿ ਸਮਿਤੀਆਂ ਬਣ ਗਈਆਂ ਹਨ ਤੇ ਮੀਟਿੰਗਾਂ ਹੋ ਰਹੀਆਂ ਹਨ।