ਨਵੀਂ ਦਿੱਲੀ, 2 ਮਈ
ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਆਪਣੇ ਇਰਾਨੀ ਹਮਰੁਤਬਾ ਅਲੀ ਸ਼ਮਖਾਨੀ ਨਾਲ ਤਹਿਰਾਨ ਵਿਚ ਮੁਲਾਕਾਤ ਕੀਤੀ ਹੈ। ਅਧਿਕਾਰੀਆਂ ਨੇ ਦੋਵਾਂ ਮੁਲਕਾਂ ਦਰਮਿਆਨ ਆਰਥਿਕ, ਸਿਆਸੀ ਤੇ ਸੁਰੱਖਿਆ ਸਬੰਧਾਂ ਦੇ ਪੱਖ ਤੋਂ ਵਿਆਪਕ ਚਰਚਾ ਕੀਤੀ।

ਐੱਨਐੱਸਏ ਡੋਵਾਲ ਇਰਾਨ ਦੇ ਦੋ ਦਿਨਾਂ ਦੇ ਦੌਰੇ ਉਤੇ ਹਨ। ਇਰਾਨ ਦੀ ਖ਼ਬਰ ਏਜੰਸੀ ‘ਆਈਆਰਐੱਨਏ’ ਮੁਤਾਬਕ ਦੋਵਾਂ ਅਧਿਕਾਰੀਆਂ ਨੇ ਭਾਰਤ ਤੇ ਇਰਾਨ ਨਾਲ ਜੁੜੇ ਵੱਖ-ਵੱਖ ਮੁੱਦਿਆਂ ਤੋਂ ਇਲਾਵਾ ਮਹੱਤਵਪੂਰਨ ਖੇਤਰੀ ਤੇ ਆਲਮੀ ਘਟਨਾਕ੍ਰਮ ਬਾਰੇ ਵੀ ਚਰਚਾ ਕੀਤੀ। ਡੋਵਾਲ ਆਪਣੇ ਦੌਰੇ ਦੌਰਾਨ ਇਰਾਨ ਦੇ ਵਿਦੇਸ਼ ਮੰਤਰੀ ਨਾਲ ਵੀ ਮੁਲਾਕਾਤ ਕਰਨਗੇ। ਡੋਵਾਲ ਦੇ ਇਰਾਨ ਦੌਰੇ ਬਾਰੇ ਭਾਰਤ ਤੇ ਇਰਾਨ ਵੱਲੋਂ ਅਧਿਕਾਰਤ ਤੌਰ ਉਤੇ ਕੁਝ ਵੀ ਨਹੀਂ ਦੱਸਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸੇ ਹਫ਼ਤੇ ਗੋਆ ਵਿਚ ਸ਼ੰਘਾਈ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵੀ ਹੋਵੇਗੀ। ਭਾਰਤ ਇਸ ਵੇਲੇ ਸੰਗਠਨ ਦਾ ਚੇਅਰਮੈਨ ਹੈ ਤੇ ਇਸ ਸਾਲ ਹੋਣ ਵਾਲੇ ਐੱਸਸੀਓ ਦੇ ਸਾਲਾਨਾ ਸੰਮੇਲਨ ਵਿਚ ਇਰਾਨ ਵੀ ਪੱਕਾ ਮੈਂਬਰ ਬਣਨ ਜਾ ਰਿਹਾ ਹੈ। ਚਾਬਹਾਰ ਬੰਦਰਗਾਹ ਪ੍ਰਾਜੈਕਟ ਵੀ ਨਵੀਂ ਦਿੱਲੀ ਤੇ ਤਹਿਰਾਨ ਵਿਚਾਲੇ ਸਬੰਧਾਂ ਦਾ ਮੁੱਖ ਕੇਂਦਰ ਬਿੰਦੂ ਹੈ। ਪਿਛਲੇ ਮਹੀਨੇ ਇਰਾਨ ਦੇ ਰਾਜਦੂਤ ਇਰਾਜ ਇਲਾਹੀ ਨੇ ਚਾਬਹਾਰ ਨੂੰ ਜਲਦੀ ਚਲਾਉਣ ਦੀ ਗੱਲ ਕੀਤੀ ਸੀ। ਚਾਬਹਾਰ ਬੰਦਰਗਾਹ, ਜਿਸ ਨੂੰ ਭਾਰਤ ਵੱਲੋਂ ਵਿਕਸਿਤ ਕੀਤਾ ਜਾ ਰਿਹਾ ਹੈ, ਇਰਾਨ ਦੇ ਅਹਿਮ ਦੱਖਣੀ ਤੱਟ ਉਤੇ ਹੈ। ਇਹ ਭਾਰਤ, ਇਰਾਨ ਤੇ ਅਫ਼ਗਾਨਿਸਤਾਨ ਵਿਚਾਲੇ ਸੰਪਰਕ ਤੇ ਵਪਾਰ ਵਧਾਉਣ ਦੀ ਅਹਿਮ ਕੜੀ ਹੈ।

ਇਲਾਹੀ ਨੇ ਨਾਲ ਹੀ ਕਿਹਾ ਸੀ ਕਿ ਭਾਰਤ ਨੂੰ ਇਰਾਨ ਤੋਂ ਕੱਚਾ ਤੇਲ ਦਰਾਮਦ ਕਰਨਾ ਮੁੜ ਸ਼ੁਰੂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਸੀ ਕਿ ਰੂਸ ਤੋਂ ਤੇਲ ਲੈਣ ਦੇ ਮਾਮਲੇ ਵਿਚ ਵੀ ਭਾਰਤ ਪੱਛਮੀ ਤਾਕਤਾਂ ਅੱਗੇ ਨਹੀਂ ਝੁਕਿਆ ਸੀ। ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਭਾਰਤ ਨੂੰ ਪਾਬੰਦੀਆਂ ਵਿਚ ਛੋਟ ਦੇਣ ਤੋਂ ਨਾਂਹ ਕਰਨ ਤੋਂ ਬਾਅਦ ਭਾਰਤ ਨੇ ਇਰਾਨ ਤੋਂ ਤੇਲ ਲੈਣਾ ਬੰਦ ਕਰ ਦਿੱਤਾ ਸੀ।