ਚੰਡੀਗੜ੍ਹ, 9 ਮਈ
ਸੂਬੇ ਵਿੱਚ ਵਧ ਰਹੇ ਕਰੋਨਾ ਕੇਸਾਂ ਦੇ ਮੱਦੇਨਜ਼ਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਦੇ ਮੁਜ਼ਾਹਰਾ ਕਰ ਰਹੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਸੋਮਵਾਰ 10 ਮਈ ਤੋਂ ਆਪਣੀ ਡਿਊਟੀ ’ਤੇ ਮੁੜ ਹਾਜ਼ਰ ਹੋਣ। ਉਨ੍ਹਾਂ ਕਿਹਾ ਸੂਬਾ ਇਸ ਸਮੇਂ ਮਹਾਮਾਰੀ ਨਾਲ ਜੂਝ ਰਿਹਾ ਹੈ ਅਤੇ ਦਿਨੋਂ-ਦਿਨ ਕਰੋਨਾ ਕੇਸਾਂ ਅਤੇ ਮੌਤਾਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਸੰਕਟ ਦੀ ਇਸ ਘੜੀ ’ਚ ਬੇਸਹਾਰਾ ਅਤੇ ਲੋੜਵੰਦ ਲੋਕਾਂ ਦੀ ਸੇਵਾ ਕਰਨ ਦੀ ਜਗ੍ਹਾ ਰਾਸ਼ਟਰੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਨੇ ਹੜਤਾਲ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ, ਜੋ ਇਨਸਾਨੀਅਤ ਦੇ ਲਿਹਾਜ਼ ਤੋਂ ਮੰਦਭਾਗਾ ਜਾਪਦਾ ਹੈ। ਸਿੱਧੂ ਨੇ ਕਿਹਾ ਕਿ ਜਦੋਂ ਪੰਜਾਬ ਅਤੇ ਸਾਰੇ ਦੇਸ਼ ਵਿੱਚ ਮੈਡੀਕਲ ਐਮਰਜੈਂਸੀ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਅਜਿਹੀ ਗੰਭੀਰ ਸਥਿਤੀ ਦੌਰਾਨ 776 ਕਮਿਊਨਿਟੀ ਸਿਹਤ ਅਧਿਕਾਰੀਆਂ (ਸੀਐੱਚਓ) ਅਤੇ ਐੱਨਐੱਚਐਮ ਕਰਮਚਾਰੀਆਂ ਦੀਆਂ ਕੁਝ ਹੋਰ ਸ਼ਾਖਾਵਾਂ ਵੱਲੋਂ ਹੜਤਾਲ ’ਤੇ ਜਾਣ ਦਾ ਫੈਸਲਾ ਬੜਾ ਹੈਰਾਨੀਜਨਕ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਸੀਐੱਚਓਜ਼ ਦੀ ਭਰਤੀ 2019 ਵਿੱਚ ਕੀਤੀ ਗਈ ਸੀ। ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਪੰਜਾਬ ਸਰਕਾਰ ਨੇ ਸੀਐੱਚਓਜ਼ ਅਤੇ ਸਾਰੇ ਐੱਨਐੱਚਐੱਮ ਕਰਮਚਾਰੀਆਂ ਨੂੰ 2020 ਵਿੱਚ ਸਾਲਾਨਾ 6 ਫੀਸਦੀ ਵਾਧੇ ਤੋਂ ਬਿਨਾਂ ਤਨਖਾਹ ’ਤੇ 12 ਫ਼ੀਸਦੀ ਦਾ ਵਿਸ਼ੇਸ਼ ਵਾਧਾ ਦਿੱਤਾ ਸੀ। ਇਸ ਸਾਲ ਐੱਨਐੱਚਐੱਮ ਦੇ ਕਰਮਚਾਰੀਆਂ ਨੂੰ ਨੌਂ ਫੀਸਦ ਦੇ ਨਾਲ ਛੇ ਫੀਸਦ ਵਾਧੇ ਨਾਲ ਤਨਖਾਹ ਦੇਣ ਬਾਰੇ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਜਵੀਜ਼ ਤੋਂ ਇਲਾਵਾ ਸੀਐੱਚਓਜ਼ ਨੂੰ ਬਣਦੀ ਤਨਖਾਹ ਅਤੇ ਕੋਵਿਡ ਨਾਲ ਸਬੰਧਤ ਡਿਊਟੀਆਂ ਨਿਭਾਉਣ ਲਈ 15 ਹਜ਼ਾਰ ਪ੍ਰਤੀ ਮਹੀਨਾ ਅਲੱਗ ਭੱਤੇ ਦਿੱਤੇ ਜਾਂਦੇ ਹਨ। ਉਨ੍ਹਾਂ ਸਾਰੇ ਸੀਐੱਚਓਜ਼ ਅਤੇ ਹੋਰ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਸੰਕਟ ਦੇ ਸਮੇਂ ’ਚ ਹੜਤਾਲ ’ਤੇ ਨਾ ਜਾਣ। ਸਿੱਧੂ ਨੇ ਕਿਹਾ ਕਿ ਸੂਬੇ ਵਿੱਚ ਮੈਡੀਕਲ ਐਮਰਜੈਂਸੀ ਦੇ ਮੱਦੇਨਜ਼ਰ ਕਰਮਚਾਰੀ 10 ਮਈ (ਸੋਮਵਾਰ) ਨੂੰ ਸਵੇਰੇ ਆਪਣੀ ਡਿਊਟੀ ’ਤੇ ਮੁੜ ਹਾਜ਼ਰ ਹੋਣ। ਸਿਹਤ ਮੰਤਰੀ ਨੇ ਕਿਹਾ ਕਿ ਜੇ ਕਰਮਚਾਰੀ ਡਿਊਟੀਆਂ ’ਤੇ ਵਾਪਸ ਮੁੜਨ ਸਬੰਧੀ ਜਵਾਬ ਨਹੀਂ ਦਿੰਦੇ ਤਾਂ ਰਾਜ ਸਰਕਾਰ ਉਨ੍ਹਾਂ ਵਿਰੁੱਧ ਆਪਦਾ ਪ੍ਰਬੰਧਨ ਐਕਟ ਤਹਿਤ ਸਖ਼ਤ ਕਾਰਵਾਈ ਲਈ ਮਜਬੂਰ ਹੋਵੇਗੀ।