ਚੰਡੀਗੜ, 2 ਸਤੰਬਰ : ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਦੇ ਦਖਲ ਤੋਂ ਬਾਅਦ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਆਉਦੀ ਨਗਰ ਕੌਂਸਲ ਰਾਹੋ ਦੇ ਅੰਬੇਦਕਰ ਨਗਰ ਦੇ ਨਿਵਾਸੀਆਂ ਨੂੰ ਗੰਦਗੀ ਤੋਂ ਨਿਜ਼ਾਤ ਮਿਲ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੂਸੂਚਿਤ ਜਾਤੀਆਂ ਕਮਿਸ਼ਨ ਦੀ ਚੈਅਰਪਰਸਨ ਸ਼੍ਰੀਮਤੀ ਤੇਜਿੰਦਰ ਕੋਰ ਨੇ ਦੱਸਿਆ ਕਿ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਨੇ ਇਕ ਅਖਬਾਰ ਵਿੱਚ ਇਸ ਸਬੰਧੀ ਪ੍ਰਕਾਸ਼ਿਤ ਖਬਰ ਦਾ ਸੂ ਮੌਟੋ ਨੋਟਿਸ ਲਿਆ ਸੀ।ਖਬਰ ਅਨੁਸਾਰ ਨਗਰ ਕੌਂਸਲ ਰਾਹੋ ਦੇ ਅੰਬੇਦਕਰ ਨਗਰ, ਜਿਸ ਦੀ ਬਹੁਤੀ ਅਬਾਦੀ ਅਨੂਸੁਚਿਤ ਜਾਤੀ ਨਾਲ ਸਬੰਧਤ ਹੈ, ਦੇ ਨਿਵਾਸੀਆਂ ਨੂੰ ਗਲੀਆ ਨਾਲੀਆਂ ਵਿੱਚ ਖੜੇ ਗੰਦੇ ਪਾਣੀ, ਅਤੇ ਸ਼ਹਿਰ ਦੀ ਬਾਕੀ ਅਬਾਦੀ ਵੱਲੋਂ ਇਸ ਖੇਤਰ ਵਿੱਚ ਸੁਟੇ ਜਾ ਰਹੇ ਗੰਦਗੀ ਕਾਰਨ ਔਕੜਾਂ ਦਾ ਸਾਹਮਣਾ ਕਰਨ ਪੈ ਰਿਹਾ ਸੀ ਅਤੇ ਸਥਾਨਕ ਪ੍ਰਸ਼ਾਸ਼ਨ ਵੱਲੋਂ ਇਸ ਸਬੰਧੀ ਕੋਈ ਹੱਲ ਨਹੀ ਸੀ ਕੱਢਿਆ ਜਾ ਰਿਹਾ।
ਸ਼੍ਰੀਮਤੀ ਤੇਜਿੰਦਰ ਕੋਰ ਨੇ ਦੱਸਿਆ ਕਮਿਸ਼ਨ ਵਲੋਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਤੋਂ ਇਸ ਸਬੰਧੀ ਰਿਪੋਰਟ ਤਲਬ ਕੀਤੀ ਸੀ। ਜਿਸ ਦੇ ਜੁਆਬ ਵਿਚ ਕਮਿਸ਼ਨ ਨੂੰ ਦੱਸਿਆ ਗਿਆ ਕਿ ਇਸ ਸਬੰਧੀ ਕਾਰਵਾਈ ਕਰਦਿਆਂ ਟੈਂਡਰ ਜਾਰੀ ਕਰ ਕੇ ਕੰਮ ਆਰੰਭ ਕਰ ਦਿੱਤਾ ਗਿਆ ਹੈ।