ਮਾਂਟਰੀਅਲ, 16 ਮਾਰਚ : ਸੋਮਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਕਸਫੋਰਡ-ਐਸਟ੍ਰਾਜੈ਼ਨੇਕਾ ਕੋਵਿਡ-19 ਵੈਕਸੀਨ ਦੀ ਸੇਫਟੀ ਦਾ ਪੂਰਾ ਭਰੋਸਾ ਦਿਵਾਇਆ ਗਿਆ। ਟਰੂਡੋ ਨੂੰ ਇਹ ਭਰੋਸਾ ਇਸ ਲਈ ਵੀ ਦਿਵਾਉਣਾ ਪਿਆ ਕਿਉਂਕਿ ਕਈ ਯੂਰਪੀਅਨ ਮੁਲਕਾਂ ਵੱਲੋਂ ਸੇਫਟੀ ਦੀ ਚਿੰਤਾ ਕਰਦਿਆਂ ਹੋਇਆਂ ਇਸ ਵੈਕਸੀਨ ਦੀ ਵਰਤੋਂ ਨੂੰ ਮੁਲਤਵੀ ਕੀਤਾ ਜਾ ਰਿਹਾ ਹੈ।
ਜਰਮਨੀ, ਫਰਾਂਸ, ਇਟਲੀ ਤੇ ਸਪੇਨ ਵੱਲੋਂ ਵੀ ਸੋਮਵਾਰ ਨੂੰ ਹੋਰਨਾਂ ਯੂਰਪੀਅਨ ਮੁਲਕਾਂ ਵਾਂਗ ਇਸ ਦੀ ਵਰਤੋਂ ਰੋਕ ਦਿੱਤੀ ਗਈ। ਜਿ਼ਕਰਯੋਗ ਹੈ ਕਿ ਇਸ ਵੈਕਸੀਨ ਬਾਰੇ ਇਹ ਚਰਚਾ ਆਮ ਹੈ ਕਿ ਖੂਨ ਦੇ ਥੱਕੇ ਜੰਮਣ ਕਾਰਨ ਇਸ ਦੀ ਵਰਤੋਂ ਸਹੀ ਨਹੀਂ । ਹਾਲਾਂਕਿ ਇਸ ਦੇ ਯੂਰਪੀਅਨ ਰੈਗੂਲੇਟਰਜ਼ ਦਾ ਕਹਿਣਾ ਹੈ ਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਹਨ ਕਿ ਇਸ ਵੈਕਸੀਨ ਕਾਰਨ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਈ ਹੋਵੇ।  
ਹੈਲਥ ਕੈਨੇਡਾ ਦੇ ਰੈਗੂਲੇਟਰਜ਼ ਵੱਲੋਂ ਲਗਾਤਾਰ ਵੈਕਸੀਨਜ਼ ਸਬੰਧੀ ਉਪਲਬਧ ਜਾਣਕਾਰੀ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਤੇ ਇਹ ਗਰੰਟੀ ਵੀ ਦਿੱਤੀ ਗਈ ਹੈ ਕਿ ਕੈਨੇਡਾ ਲਈ ਮਨਜ਼ੂਰ ਇਹ ਵੈਕਸੀਨ ਪੂਰੀ ਤਰ੍ਹਾਂ ਸੇਫ ਹੈ। ਇਸ ਦਾ ਖੁਲਾਸਾ ਮਾਂਟਰੀਅਲ ਵਿੱਚ ਟਰੂਡੋ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਹੈਲਥ ਕੈਨੇਡਾ, ਸਾਡੇ ਮਾਹਿਰਾਂ ਤੇ ਵਿਗਿਆਨੀਆਂ ਵੱਲੋਂ ਇਸ ਗੱਲ ਨੂੰ ਯਕੀਨੀ ਬਣਾਉਣ ਉੱਤੇ ਲੰਮਾਂ ਸਮਾਂ ਗੁਜ਼ਾਰਿਆ ਗਿਆ ਹੈ ਕਿ ਵੈਕਸੀਨ ਪੂਰੀ ਤਰ੍ਹਾਂ ਸੇਫ ਅਤੇ ਪ੍ਰਭਾਵਸ਼ਾਲੀ ਹੋਵੇ।ਟਰੂਡੋ ਨੇ ਇਹ ਵੀ ਆਖਿਆ ਕਿ ਯੂਰਪ ਵਿੱਚ ਜਿਸ ਤਰ੍ਹਾਂ ਦੇ ਸਾਈਡ ਇਫੈਕਟਸ ਵੇਖਣ ਨੂੰ ਮਿਲ ਰਹੇ ਹਨ ਉਸ ਬੈਚ ਦੀ ਕੋਈ ਵੀ ਵੈਕਸੀਨ ਕੈਨੇਡਾ ਨੂੰ ਨਹੀਂ ਮਿਲੀ।