ਹੈਲੀਫੈਕਸ, 29 ਅਪਰੈਲ : ਦੇਸ਼ ਵਿੱਚ ਐਸਟ੍ਰਾਜ਼ੈਨੇਕਾ ਵੈਕਸੀਨ ਦਾ ਟੀਕਾ ਲਵਾਏ ਜਾਣ ਤੋਂ ਬਾਅਦ ਕਥਿਤ ਤੌਰ ਉੱਤੇ ਕਲੌਟ ਬਣਨ ਕਾਰਨ ਮਹਿਲਾ ਦੀ ਹੋਈ ਮੌਤ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡੀਅਨਾਂ ਨੂੰ ਭਰੋਸਾ ਦਿਵਾਇਆ ਜਾ ਰਿਹਾ ਹੈ ਕਿ ਐਸਟ੍ਰਾਜ਼ੈਨੇਕਾ ਵੈਕਸੀਨ ਬਿਲਕੁਲ ਸੇਫ ਹੈ।
ਬੁੱਧਵਾਰ ਨੂੰ ਹੈਲੀਫੈਕਸ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਟਰੂਡੋ ਨੇ ਆਖਿਆ ਕਿ ਉਨ੍ਹਾਂ ਨੂੰ ਅਜੇ ਵੀ ਵੈਕਸੀਨ ਵਿੱਚ ਪੂਰਾ ਭਰੋਸਾ ਹੈ। ਮੰਗਲਵਾਰ ਨੂੰ ਕਿਊਬਿਕ ਵਿੱਚ ਸਿਹਤ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਾਂਟਰੀਅਲ ਦੀ 34 ਸਾਲਾ ਮਹਿਲਾ ਦੀ ਮੌਤ ਬਲੱਡ ਕਲੌਟ ਕਾਰਨ ਹੋਈ ਸੀ। ਇਹ ਬਲੱਡ ਕਲੌਟ ਐਸਟ੍ਰਾਜ਼ੈਨੇਕਾ ਵੈਕਸੀਨ ਲੈਣ ਤੋਂ ਬਾਅਦ ਬਣਿਆ ਸੀ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਇਸ ਮੌਤ ਦੀ ਜਾਂਚ ਕੀਤੀ ਜਾ ਰਹੀ ਹੈ।
ਟਰੂਡੋ ਨੇ ਆਖਿਆ ਕਿ ਕੈਨੇਡਾ ਵਿੱਚ ਵਰਤੀ ਜਾਣ ਵਾਲੀ ਵੈਕਸੀਨ ਦੀ ਹਰੇਕ ਡੋਜ਼ ਹੈਲਥ ਕੈਨੇਡਾ ਵੱਲੋਂ ਸੇਫ ਕਰਾਰ ਦਿੱਤੀ ਜਾਂਦੀ ਹੈ। ਉਨ੍ਹਾਂ ਆਖਿਆ ਕਿ ਐਸਟ੍ਰਾਜ਼ੈਨੇਕਾ ਸਮੇਤ ਇੱਥੇ ਵਰਤੀਆਂ ਜਾਣ ਵਾਲੀਆਂ ਸਾਰੀਆਂ ਵੈਕਸੀਨਜ਼ ਵਿੱਚ ਉਨ੍ਹਾਂ ਨੂੰ ਪੂਰਾ ਭਰੋਸਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਪਿਛਲੇ ਹਫਤੇ ਉਨ੍ਹਾਂ ਨੇ ਆਪ ਐਸਟ੍ਰਾਜੈ਼ਨੇਕਾ ਦਾ ਟੀਕਾ ਲਵਾਇਆ ਸੀ ਤੇ ਉਨ੍ਹਾਂ ਨੂੰ ਇਸ ਵਿੱਚ ਕੋਈ ਹਿਚਕਿਚਾਹਟ ਵੀ ਨਹੀਂ ਹੋਈ।
ਉਨ੍ਹਾਂ ਅੱਗੇ ਆਖਿਆ ਕਿ ਕਿਸੇ ਇੱਕਲੇ ਕਾਰੇ ਮਾਮਲੇ ਵਿੱਚ ਬਲੱਡ ਕਲੌਟ ਬਣਨ ਦਾ ਖਤਰਾ ਕੋਵਿਡ-19 ਨਾਲ ਜੁੜੇ ਖਤਰੇ ਤੋਂ ਕਿਤੇ ਘੱਟ ਹੈ। ਇਸ ਦੌਰਾਨ ਕੈਨੇਡੀਅਨ ਮੈਡੀਕਲ ਐਸੋਸਿਏਸ਼ਨ ਤੇ ਹੋਰਨਾਂ ਗਰੁੱਪਜ਼ ਵੱਲੋਂ ਕੋਵਿਡ-19 ਵੈਕਸੀਨ ਨੂੰ ਦੇਸ਼ ਦੇ ਹੌਟ ਸਪੌਟ ਵਾਲੇ ਇਲਾਕਿਆਂ ਵਿੱਚ ਭੇਜਣ ਦੀ ਮੰਗ ਵੀ ਕੀਤੀ ਗਈ। ਪਰ ਟਰੂਡੋ ਤੋਂ ਇਹ ਪੁੱਛੇ ਜਾਣ ਉੱਤੇ ਕਿ ਕੀ ਉਹ ਪ੍ਰੋਵਿੰਸਾਂ ਤੋਂ ਲੈ ਕੇ ਹੌਟ ਸਪੌਟ ਵਾਲੇ ਇਲਾਕਿਆਂ ਵਿੱਚ ਵੈਕਸੀਨ ਭੇਜਣਗੇ ਤਾਂ ਪ੍ਰਧਾਨ ਮੰਤਰੀ ਨੇ ਆਖਿਆ ਕਿ ਉਹ ਅਜਿਹੀ ਪਹੁੰਚ ਦੇ ਹੱਕ ਵਿੱਚ ਨਹੀਂ ਹਨ ਸਗੋਂ ਉਹ ਪ੍ਰਤੀ ਵਿਅਕਤੀ ਵੈਕਸੀਨ ਦੀ ਵੰਡ ਦੇ ਹੱਕ ਵਿੱਚ ਹਨ।