-ਪਰਿਵਾਰਕ ਮੈਂਬਰਾਂ ਮਾਤਾ-ਪਿਤਾ ਦੀ ਰਿਪੋਰਟ ਪੋਜ਼ੇਟਿਵ-
ਚੰਡੀਗੜ੍ਹ, 18 ਅਗਸਤ
ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਤੇ ਯੂਥ ਅਕਾਲੀ ਆਗੂ ਪਰਮਿੰਦਰ ਸਿੰਘ ਬਰਾੜ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਕਰੋਨਾ ਰਿਪੋਰਟ ਵੀ ਪੌਜ਼ੇਟਿਵ ਆਈ ਹੈ। ਇਸ ਸਬੰਧੀ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਉਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਕਰੋਨਾ ਦੇ ਲੱਛਣ ਸਾਹਮਣੇ ਆਉਂਦੇ ਸਾਰ ਹੀ ਆਪਣੇ ਆਪ ਨੂੰ ਅਤੇ ਮਾਤਾ-ਪਿਤਾ ਪਰਿਵਾਰਕ ਮੈਂਬਰਾਂ ਨੂੰ ਕੁਆਰੰਟੀਨ ਕਰ ਲਿਆ ਸੀ। ਟੈਸਟ ਕਰਾਉਣ ਉਤੇ ਬੀਤੇ ਦਿਨ ਉਨ੍ਹਾਂ ਦੀ ਰਿਪੋਰਟ ਪੋਜ਼ੇਟਿਵ ਆਈ ਹੈ।
ਬਰਾੜ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੇ ਸਤਿਕਾਰਯੋਗ ਨਾਨਾ ਜਥੇਦਾਰ ਹਰੀ ਸਿੰਘ ਜ਼ੀਰਾ ਜੀ ਦੀਆਂ ਅੰਤਿਮ ਰਸਮਾਂ ਅਤੇ ਭੋਗ ਮੌਕੇ ਉਹ ਕਿਸੇ ਕਰੋਨਾ ਪੋਜ਼ੇਟਿਵ ਸੰਪਰਕ ਵਿਚ ਆ ਗਏ ਸਨ ਅਤੇ ਕਰੋਨਾ ਦੇ ਲੱਛਣ ਮਿਲਦੇ ਸਾਰ ਹੀ ਉਨ੍ਹਾਂ ਨੇ ਸਿਹਤ ਵਿਭਾਗ ਦੀਆਂ ਗਾਈਡਲਾਈਨਜ਼ ਦੇ ਮੁਤਾਬਕ ਸਾਵਧਾਨੀ ਵਰਤਦੇ ਹੋਏ ਏਕਾਂਤਵਾਸ ਕਰ ਲਿਆ।
ਯੂਥ ਅਕਾਲੀ ਆਗੂ ਨੇ ਆਪਣੇ ਦੋਸਤਾਂ ਮਿੱਤਰਾਂ ਤੇ ਜਾਣਕਾਰਾਂ, ਜਿਹੜੇ ਉਨ੍ਹਾਂ ਦੇ ਨਾਨਾ ਹਰੀ ਸਿੰਘ ਜ਼ੀਰਾ ਜੀ ਦੇ ਭੋਗ ਮੌਕੇ ਸ਼ਾਮਲ ਹੋਏ ਸਨ, ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਧਿਆਨ ਰੱਖਣ ਅਤੇ ਜੇਕਰ ਲੱਛਣ ਸਾਹਮਣੇ ਆਉਣ ਉਤੇ ਆਪਣੇ ਆਪ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਕੁਆਰੰਟੀਨ/ਏਕਾਂਤਵਾਸ ਕਰ ਲੈਣ। ਜੇਕਰ ਕਿਸੇ ਵਿਚ ਕਰੋਨਾ ਦੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਉਹ ਤੁਰੰਤ ਕਰੋਨਾ ਦਾ ਟੈਸਟ ਕਰਾਉਣ ਅਤੇ ਮਾਸਕ ਪਾ ਕੇ ਸਾਵਧਾਨੀਆਂ ਵਰਤਣ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਸੀਨੀਅਰ ਅਕਾਲੀ ਆਗੂਆਂ ਬਿਕਰਮ ਸਿੰਘ ਮਜੀਠੀਆ, ਸਿਕੰਦਰ ਸਿੰਘ ਮਲੂਕਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਮੇਤ ਵੱਡੀ ਗਿਣਤੀ ਵਿਚ ਯੂਥ ਅਕਾਲੀ ਆਗੂਆਂ ਨੇ ਉਨ੍ਹਾਂ ਦੀ ਅਤੇ ਪਰਿਵਾਰ ਦੀ ਜਲਦ ਸਿਹਤਯਾਬੀ ਲਈ ਅਰਦਾਸ ਕੀਤੀ ਹੈ।