ਓਟਵਾ, 29 ਮਾਰਚ : ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਰੇਅਬੋਲਡ ਵੱਲੋਂ ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਪੇਸ਼ ਕੀਤੇ ਜਾਣ ਵਾਲੇ ਨਵੇਂ ਸਬੂਤਾਂ ਨੂੰ ਸ਼ੁੱਕਰਵਾਰ ਨੂੰ ਜਨਤਕ ਕੀਤਾ ਜਾਵੇਗਾ।
ਇਨ੍ਹਾਂ ਵਾਧੂ ਦਸਤਾਵੇਜ਼ਾਂ ਵਿੱਚ ਨਵੇਂ ਲਿਖਤੀ ਬਿਆਨ ਦੇ ਨਾਲ ਨਾਲ ਉਨ੍ਹਾਂ ਈਮੇਲਜ਼ ਤੇ ਟੈਕਸਟ ਮੈਸੇਜਿਜ਼ ਦੀਆਂ ਕਾਪੀਆਂ ਹੋਣਗੀਆਂ ਜਿਹੜੇ ਇਸ ਸਮੇਂ ਹਾਊਸ ਦੀ ਨਿਆਂ ਕਮੇਟੀ ਕੋਲ ਹਨ। ਇਹ ਕਮੇਟੀ ਇਸ ਸਮੇਂ ਐਸਐਨਸੀ-ਲਾਵਾਲਿਨ ਮਾਮਲੇ ਦਾ ਅਧਿਐਨ ਕਰ ਰਹੀ ਹੈ। ਲਿਬਰਲ ਐਮਪੀ ਵੱਲੋਂ 27 ਫਰਵਰੀ ਨੂੰ ਦਿੱਤੀ ਗਈ ਗਵਾਹੀ ਦੇ ਸਬੰਧ ਵਿੱਚ ਹੋਰ ਸਬੂਤ ਮੁਹੱਈਆ ਕਰਵਾਏ ਜਾ ਰਹੇ ਹਨ। ਆਪਣੇ ਪਹਿਲੇ ਬਿਆਨ ਵਿੱਚ ਰੇਅਬੋਲਡ ਨੇ ਦੋਸ਼ ਲਾਇਆ ਸੀ ਕਿ ਐਸਐਨਸੀ-ਲਾਵਾਲਿਨ ਖਿਲਾਫ ਕਾਰਵਾਈ ਕਰਨ ਤੋਂ ਰੋਕਣ ਲਈ ਉਸ ਉੱਤੇ ਸਿਆਸੀ ਦਬਾਅ ਬਣਾਇਆ ਗਿਆ ਸੀ ਤੇ ਉਸ ਨੂੰ ਧਮਕਾਇਆ ਵੀ ਜਾ ਰਿਹਾ ਸੀ।
ਰੇਅਬੋਲਡ ਨੇ ਆਖਿਆ ਕਿ ਇਸ ਸਬੰਧ ਵਿੱਚ ਉਨ੍ਹਾਂ ਨੂੰ 10 ਫੋਨ ਕਾਲਜ਼ ਕੀਤੀਆਂ ਗਈਆਂ ਤੇ 10 ਮੀਟਿੰਗਾਂ ਵੀ ਹੋਈਆਂ। ਇਹ ਸਾਰਾ ਕੁੱਝ ਉਸ ਸਮੇਂ ਹੋਇਆ ਜਦੋਂ ਉਹ ਅਜੇ ਅਟਾਰਨੀ ਜਨਰਲ ਤੇ ਨਿਆਂ ਮੰਤਰੀ ਸੀ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਆਫਿਸ, ਪ੍ਰਿਵੀ ਕਾਉਂਸਲ ਆਫਿਸ ਤੇ ਵਿੱਤ ਮੰਤਰੀ ਦੇ ਆਫਿਸ ਦੇ 11 ਸੀਨੀਅਰ ਸਟਾਫ ਮੈਂਬਰਾਂ ਵੱਲੋਂ ਫੋਨ ਕਾਲਜ਼ ਕੀਤੀਆਂ ਗਈਆਂ, ਟੈਕਸਟ ਮੈਸੇਜ ਕੀਤੇ ਗਏ ਤੇ ਈਮੇਲਜ਼ ਕੀਤੀਆਂ ਗਈਆਂ। ਇੱਥੇ ਦੱਸਣਾ ਬਣਦਾ ਹੈ ਕਿ ਇਹ ਮਾਮਲਾ ਐਨਾ ਉਲਝਿਆ ਕਿ ਇਸ ਕਾਰਨ ਕਈ ਅਧਿਕਾਰੀ ਹੁਣ ਤੱਕ ਅਸਤੀਫਾ ਦੇ ਚੁੱਕੇ ਹਨ। ਕਈ ਇਹੋ ਆਖ ਰਹੇ ਹਨ ਕਿ ਕੁੱਝ ਵੀ ਗਲਤ ਨਹੀਂ ਵਾਪਰਿਆ।
ਇਸ ਵਾਰੀ ਰੇਅਬੋਲਡ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਵਿੱਚ ਟੈਕਸਟਸ ਤੇ ਈਮੇਲਜ਼ ਦੀਆਂ ਕਾਪੀਆਂ ਸ਼ਾਮਲ ਹੋਣ ਤੇ ਇੱਕ ਮਹੀਨੇ ਪਹਿਲਾਂ ਇਸ ਮਾਮਲੇ ਵਿੱਚ ਰੇਅਬੋਲਡ ਤੋਂ ਵਿਰੋਧਾਭਾਸੀ ਬਿਆਨ ਦੇਣ ਵਾਲਿਆਂ ਦੀਆਂ ਗੱਲਾਂ ਦਾ ਰੇਅਬੋਲਡ ਵੱਲੋਂ ਕੀਤਾ ਗਿਆ ਖੰਡਨ ਸ਼ਾਮਲ ਹੋਣ ਦੀ ਉਮੀਦ ਹੈ।