ਲੰਡਨ, 31 ਜੁਲਾਈ
ਕ੍ਰਿਸ ਵੋਕਸ ਤੇ ਮੋਈਨ ਅਲੀ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਇੰਗਲੈਂਡ ਨੇ ਪੰਜਵੇਂ ਤੇ ਅੰਤਿਮ ਕ੍ਰਿਕਟ ਟੈਸਟ ਦੇ ਮੀਂਹ ਪ੍ਰਭਾਵਿਤ ਆਖ਼ਰੀ ਦਿਨ ਆਸਟਰੇਲੀਆ ਨੂੰ 49 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਐਸ਼ੇਜ਼ ਲੜੀ 2-2 ਨਾਲ ਡਰਾਅ ਕਰ ਦਿੱਤੀ। ਵੋਕਸ ਨੇ ਚਾਰ ਤੇ ਮੋਈਨ ਅਲੀ ਨੇ ਤਿੰਨ ਵਿਕਟਾਂ ਲਈਆਂ। ਆਸਟਰੇਲੀਆ ਨੇ ਹਾਲਾਂਕਿ ਐਸ਼ੇਜ਼ ਲੜੀ ਆਪਣੇ ਕੋਲ ਬਰਕਰਾਰ ਰੱਖੀ ਹੈ। ਇੰਗਲੈਂਡ ਦੇ 384 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਸਟਰੇਲੀਆ ਦੀ ਟੀਮ 334 ਦੌੜਾਂ ’ਤੇ ਸਿਮਟ ਗਈ। ਉਸਮਾਨ ਖਵਾਜਾ (72) ਅਤੇ ਡੇਵਿਡ ਵਾਰਨਰ (60) ਨੇ ਪਹਿਲੀ ਵਿਕਟ ਲਈ 140 ਦੌੜਾਂ ਜੋੜ ਕੇ ਆਸਟਰੇਲੀਆ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਸੀ। ਸਵੇਰ ਦੇ ਸੈਸ਼ਨ ਵਿੱਚ ਵੋਕਸ ਨੇ ਇਨ੍ਹਾਂ ਦੋਵਾਂ ਨੂੰ ਆਊਟ ਕਰ ਕੇ ਇੰਗਲੈਂਡ ਨੂੰ ਵਾਪਸੀ ਦਿਵਾਈ। ਮੋਈਨ ਨੇ ਉਸ ਦਾ ਚੰਗਾ ਸਾਥ ਦਿੱਤਾ, ਜਦਕਿ ਸਟੂਅਰਟ ਬਰੌਡ (62 ਦੌੜਾਂ ਦੇ ਕੇ) ਨੇ ਆਖ਼ਰੀ ਦੋ ਵਿਕਟਾਂ ਲੈ ਕੇ ਇੰਗਲੈਂਡ ਦੀ ਜਿੱਤ ਪੱਕੀ ਕੀਤੀ। ਸਟੂਅਰਟ ਬਰੌਡ ਦਾ ਇਹ ਆਖ਼ਰੀ ਟੈਸਟ ਮੈਚ ਸੀ।