ਲੰਡਨ, 14 ਅਗਸਤ
ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਐਸ਼ੇਜ਼ ਲੜੀ ਦਾ ਦੂਜਾ ਟੈਸਟ ਮੈਚ ਬੁੱਧਵਾਰ ਨੂੰ ਇੱਥੇ ਲਾਰਡਜ਼ ਦੇ ਮੈਦਾਨ ’ਤੇ ਖੇਡਿਆ ਜਾਵੇਗਾ। ਮੇਜ਼ਬਾਨ ਟੀਮ ਆਸਟਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵ ਸਮਿੱਥ ਦਾ ਮੁਕਾਬਲਾ ਕਰਨ ਲਈ ਤੇਜ਼ ਗੇਂਦਬਾਜ਼ ਜੋਫਰਾ ਆਰਚਰ ’ਤੇ ਦਾਅ ਖੇਡੇਗੀ। ਉਸ ਨੂੰ ਉਮੀਦ ਹੈ ਕਿ ਉਹ ਸਮਿੱਥ ਨੂੰ ਛੇਤੀ ਆਊਟ ਕਰਕੇ ਲੜੀ ਵਿੱਚ ਇੰਗਲੈਂਡ ਟੀਮ ਦੀ ਬਰਾਬਰੀ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਇੰਗਲੈਂਡ ਵਿੱਚ 18 ਸਾਲ ਮਗਰੋਂ ਐਸ਼ੇਜ਼ ਲੜੀ ਹਥਿਆਉਣ ’ਤੇ ਨਜ਼ਰਾਂ ਗੱਡੀ ਬੈਠੇ ਆਸਟਰੇਲੀਆ ਨੇ ਸਮਿਥ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਐਜਬੇਸਟਨ ਵਿੱਚ ਪਹਿਲਾ ਟੈਸਟ ਮੈਚ 251 ਦੌੜਾਂ ਨਾਲ ਜਿੱਤਿਆ ਸੀ। ਗੇਂਦ ਨਾਲ ਛੇੜਛਾੜ ਮਾਮਲੇ ਕਾਰਨ 12 ਮਹੀਨਿਆਂ ਦੀ ਪਾਬੰਦੀ ਮਗਰੋਂ ਵਾਪਸੀ ਕਰ ਰਹੇ ਸਮਿੱਥ ਨੇ ਦੋਵਾਂ ਪਾਰੀਆਂ ਵਿੱਚ ਸੈਂਕੜੇ ਜੜੇ। ਇੰਗਲੈਂਡ ਨੇ ਪਹਿਲਾ ਐਸ਼ੇਜ਼ ਟੈਸਟ ਗੁਆਉਣ ਮਗਰੋਂ ਸਿਰਫ਼ ਦੋ ਵਾਰ ਲੜੀ ਜਿੱਤੀ ਹੈ।
ਪਹਿਲੀ ਵਾਰ 1981 ਵਿੱਚ ਇਆਨ ਬੌਥਮ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਟੀਮ ਨੂੰ ਜਿੱਤ ਦਿਵਾਈ ਸੀ, ਜਦਕਿ ਦੂਜੀ ਵਾਰ 2005 ਵਿੱਚ ਇੰਗਲੈਂਡ ਨੇ 2-1 ਨਾਲ ਰੋਮਾਂਚਕ ਜਿੱਤ ਦਰਜ ਕੀਤੀ ਸੀ। ਐਜਬੇਸਟਨ ਵਿੱਚ ਹਾਰੇ ਮੈਚ ਦੌਰਾਨ ਇੰਗਲੈਂਡ ਦਾ ਸਭ ਤੋਂ ਸਫਲ ਟੈਸਟ ਗੇਂਦਬਾਜ਼ ਜੇਮਜ਼ ਐਂਡਰਸਨ ਸਿਰਫ਼ ਚਾਰ ਓਵਰ ਤੱਕ ਹੀ ਗੇਂਦਬਾਜ਼ੀ ਕਰ ਸਕਿਆ। ਪਿੰਜਣੀ ਦੀ ਸੱਟ ਕਾਰਨ ਉਹ ਲਾਰਡਜ਼ ਵਿੱਚ ਹੋਣ ਵਾਲੇ ਦੂਜੇ ਟੈਸਟ ਵਿੱਚੋਂ ਵੀ ਬਾਹਰ ਹੋ ਗਿਆ ਹੈ।
ਐਂਡਰਸਨ ਦੀ ਗ਼ੈਰ-ਮੌਜੂਦਗੀ ਵਿੱਚ ਇੰਗਲੈਂਡ ਨੇ ਆਰਚਰ ਨੂੰ ਉਸ ਦੇ ਪਲੇਠੇ ਟੈਸਟ ਵਿੱਚ ਖਿਡਾਉਣ ਦੀ ਤਿਆਰੀ ਕਰ ਲਈ ਹੈ। ਆਰਚਰ ਨੇ ਇਸੇ ਮੈਦਾਨ ’ਤੇ ਬੀਤੇ ਮਹੀਨੇ ਵਿਸ਼ਵ ਕੱਪ ਫਾਈਨਲ ਵਿੱਚ ਸ਼ਾਨਦਾਰ ਸੁਪਰ ਓਵਰ ਸੁੱਟਦਿਆਂ ਇੰਗਲੈਂਡ ਨੂੰ ਖ਼ਿਤਾਬ ਦਿਵਾਇਆ ਸੀ। ਇੰਗਲੈਂਡ ਇਸ ਮੈਚ ਵਿੱਚ ਖੱਬੇ ਹੱਥ ਦੇ ਸਪਿੰਨਰ ਜੈਕ ਲੀਚ ਨੂੰ ਉਤਾਰੇਗਾ, ਜਿਸ ਨੇ ਬੀਤੇ ਮਹੀਨੇ ਲਾਰਡਜ਼ ’ਤੇ ਆਇਰਲੈਂਡ ਖ਼ਿਲਾਫ਼ ਇਕਲੌਤੇ ਟੈਸਟ ਵਿੱਚ ਜਿੱਤ ਦੌਰਾਨ ਕਰੀਅਰ ਦੀ ਸਰਵੋਤਮ 92 ਦੌੜਾਂ ਦੀ ਪਾਰੀ ਖੇਡੀ ਸੀ। ਐਜਬੇਸਟਨ ਵਿੱਚ ਖ਼ਰਾਬ ਪ੍ਰਦਰਸ਼ਨ ਮਗਰੋਂ ਆਫ ਸਪਿੰਨਰ ਮੋਈਨ ਅਲੀ ਨੂੰ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ‘ਕ੍ਰਿਕਵਿਜ਼’ ਦੇ ਵਿਸ਼ਲੇਸ਼ਣ ਅਨੁਸਾਰ, ਖੱਬੇ ਹੱਥ ਦੇ ਸਪਿੰਨਰਾਂ ਨੂੰ ਖੇਡਣਾ ਸਮਿੱਥ ਦਾ ਕਮਜੋਰ ਪੱਖ ਹੈ, ਜਿਨ੍ਹਾਂ ਖ਼ਿਲਾਫ਼ ਉਸ ਦਾ ਔਸਤ 34.90 ਹੈ, ਜਦਕਿ ਉਸ ਦਾ ਕੁੱਲ ਔਸਤ 63 ਦੇ ਕਰੀਬ ਹੈ। ਆਸਟਰੇਲੀਆ ਦੇ ਕੋਚ ਜਸਟਿਨ ਲੈਂਗਰ ਨੇ ਹਾਲਾਂਕਿ ਅਜਿਹੇ ਕਿਸੇ ਵੀ ਅੰਕੜੇ ਨੂੰ ਤਵੱਜੋ ਦੇਣ ਤੋਂ ਇਨਕਾਰ ਕਰ ਦਿੱਤਾ।