ਬਰਮਿੰਘਮ, 2 ਅਗਸਤ
ਸਟੁਅਰਟ ਬਰਾਡ ਅਤੇ ਕ੍ਰਿਸ ਵੋਕਸ ਨੇ ਐਸ਼ਜ਼ ਕ੍ਰਿਕਟ ਲੜੀ ਦੇ ਪਹਿਲੇ ਟੈਸਟ ਮੈਚ ਵਿੱਚ ਚਾਹ ਦੇ ਸਮੇਂ ਤੱਕ ਆਸਟਰੇਲੀਆ ਦੀ ਬੱਲੇਬਾਜ਼ੀ ਲਾਈਨ ਖੂੰਜੇ ਲਾ ਦਿੱਤਾ ਪਰ ਸਟੀਵ ਸਮਿੱਥ ਨੇ ਇੱਕ ਸਿਰਾ ਸੰਭਾਲ ਕੇ ਮਹਿਮਾਨ ਟੀਮ ਦੀਆਂ ਉਮੀਦਾਂ ਨੂੰ ਜਗਾਈ ਰੱਖਿਆ। ਬਰਾਡ ਨੇ 38 ਦੌੜਾਂ ਬਦਲੇ ਚਾਰ ਵਿਕਟਾਂ ਅਤੇ ਵੋਕਸ ਨੇ 35 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਸ ਦੇ ਨਾਲ ਆਸਟਰੇਲੀਆ ਨੇ ਏਜਬਸਟਨ ਵਿੱਚ ਚਾਹ ਦੇ ਸਮੇਂ ਤੱਕ 154 ਦੌੜਾਂ ਵਿੱਚ ਅੱਠ ਵਿਕਟ ਗਵਾ ਦਿੱਤੇ ਸਨ। ਗੇਂਦ ਨਾਲ ਛੇੜਛਾੜ ਦੇ ਦੋਸ਼ਾਂ ਤੋਂ ਬਾਅਦ ਟੀਮ ਵਿੱਚ ਵਾਪਸੀ ਕਰਨ ਵਾਲੇ ਆਸਟਰੇਲੀਆ ਦੇ ਤਿੰਨ ਖਿਡਾਰੀਆਂ ਵਿੱਚੋਂ ਇੱਕ ਸਮਿੱਥ ਚਾਹ ਦੇ ਸਮੇਂ ਤੱਕ 66 ਦੌੜਾਂ ਬਣਾ ਕੇ ਖੇਡ ਰਿਹਾ ਸੀ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ਾਂ ਡੇਵਿਡ ਵਾਰਨਰ ਤੇ ਕੈਮਰੋਨ ਬੇਨਕ੍ਰਾਫਟ ਦੇ ਜਲਦ ਆਊਟ ਹੋ ਜਾਣ ਤੋਂ ਬਾਅਦ ਆਸਟਰੇਲੀਆ ਨੇ ਇੰਗਲੈਂਡ ਖ਼ਿਲਾਫ਼ ਅੱਜ ਇੱਥੇ ਐਸ਼ੇਜ਼ ਟੈਸਟ ਦੇ ਪਹਿਲੇ ਦਿਨ ਦੁਪਹਿਰ ਦੇ ਖਾਣੇ ਤੱਕ 83 ਦੌੜਾਂ ਬਣਾ ਲਈਆਂ ਸਨ। ਬਰਾਡ ਨੇ ਅੱਜ ਓਵਰ ਅੰਦਰ ਆਸਟਰੇਲੀਆ ਦਾ ਸਕੋਰ ਦੋ ਵਿਕਟਾਂ ’ਤੇ 17 ਦੌੜਾਂ ਕਰ ਦਿੱਤਾ। ਕ੍ਰਿਸ ਵੋਕਸ ਨੇ ਇਸ ਤੋਂ ਬਾਅਦ ਉਸਮਾਨ ਖਵਾਜਾ (13) ਨੂੰ ਵਿਕਟ ਦੇ ਪਿੱਛੇ ਕੈਚ ਕਰਵਾ ਕੇ ਆਸਟਰੇਲੀਆ ਦੀ ਮੁਸ਼ਕਿਲ ਵਧਾ ਦਿੱਤੀ। ਹਾਲਾਂ ਕਿ ਸਾਬਕਾ ਕਪਤਾਨ ਸਟੀਵ ਸਮਿੱਥ ਕਰੀਜ਼ ’ਤੇ ਡਟੇ ਰਹੇ।