ਲੰਡਨ, ਆਸਟਰੇਲੀਆ ਕ੍ਰਿਕਟ ਟੀਮ ਦਾ ਕਪਤਾਨ ਟਿਮ ਪੇਨ ਵੀਰਵਾਰ ਤੋਂ ਸ਼ੁਰੂ ਹੋ ਰਹੇ ਪੰਜਵੇਂ ਅਤੇ ਆਖ਼ਰੀ ਟੈਸਟ ਵਿੱਚ ਇਤਿਹਾਸਕ ਪ੍ਰਾਪਤੀ ਦੇ ਕਰੀਬ ਹੈ। ਜੇਕਰ ਮਹਿਮਾਨ ਟੀਮ ਹਾਰ ਤੋਂ ਬਚ ਜਾਂਦੀ ਹੈ ਤਾਂ ਪੇਨ ਇੰਗਲੈਂਡ ਦੀ ਧਰਤੀ ’ਤੇ ਟੈਸਟ ਲੜੀ ਜਿਤਾਉਣ ਵਾਲੇ ਆਸਟਰੇਲਿਆਈ ਕਪਤਾਨਾਂ ਦੀ ਸੂਚੀ ਵਿੱਚ ਸ਼ਾਮਲ ਹੋ ਜਾਵੇਗਾ। ਉਹ ਕਈ ਨਾਮੀਂ ਕਪਤਾਨਾਂ ਨੂੰ ਵੀ ਪਛਾੜ ਦੇਵੇਗਾ, ਜਿਨ੍ਹਾਂ ਵਿੱਚ ਗ੍ਰੈਗ ਚੈਪਲ ਵੀ ਹੈ।
ਇਸ ਤੋਂ ਇਲਾਵਾ ਰਿੱਕੀ ਪੋਂਟਿੰਗ ਅਤੇ ਮਾਈਕਲ ਕਲਾਰਕ ਵਰਗੇ ਬੱਲੇਬਾਜ਼ ਅਤੇ ਕਪਤਾਨ ਤਾਂ ਦੋ ਯਤਨਾਂ ਵਿੱਚ ਵੀ ਇੰਗਲੈਂਡ ਵਿੱਚ ਐਸ਼ੇਜ਼ ਲੜੀ ਨਹੀਂ ਜਿੱਤ ਸਕੇ। ਆਸਟਰੇਲੀਆ ਨੇ ਸਟੀਵ ਵੌਅ ਦੀ ਅਗਵਾਈ ਵਿੱਚ 18 ਸਾਲ ਪਹਿਲਾਂ ਇੰਗਲੈਂਡ ਤੋਂ ਐਸ਼ੇਜ਼ ਲੜੀ 4-1 ਨਾਲ ਜਿੱਤੀ ਸੀ। ਵੌਅ ਵਾਂਗ ਚੈਪਲ, ਪੋਂਟਿੰਗ ਅਤੇ ਕਲਾਰਕ ਵੀ ਆਸਟਰੇਲੀਆ ਦੇ ਮਹਾਨ ਕ੍ਰਿਕਟਰਾਂ ਵਿੱਚ ਸ਼ੁਮਾਰ ਰਹੇ, ਪਰ ਉਨ੍ਹਾਂ ਦੀ ਅਗਵਾਈ ਵਿੱਚ ਟੀਮ ਇੰਗਲੈਂਡ ਵਿੱਚ ਐਸ਼ੇਜ਼ ਲੜੀ ਨਹੀਂ ਜਿੱਤ ਸਕੀ। ਪੇਨ ਨੂੰ ਬਹੁਤ ਮੁਸ਼ਕਲ ਦੌਰ ਵਿੱਚ ਆਸਟਰੇਲੀਆ ਦੀ ਕਪਤਾਨੀ ਸੌਂਪੀ ਗਈ ਸੀ। ਮਾਰਚ 2018 ’ਚ ਕੇਪਟਾਊਨ ਵਿੱਚ ਗੇਂਦ ਨਾਲ ਛੇੜਛਾੜ ਮਾਮਲੇ ਵਿੱਚ ਤਤਕਾਲੀ ਕਪਤਾਨ ਸਟੀਵ ਸਮਿਥ ਤੋਂ ਕਪਤਾਨੀ ਖੋਹੇ ਜਾਣ ਅਤੇ ਡੇਵਿਡ ਵਾਰਨਰ ਨੂੰ ਉਪ ਕਪਤਾਨੀ ਤੋਂ ਹਟਾਏ ਜਾਣ ਅਤੇ ਦੋਵਾਂ ’ਤੇ 12 ਮਹੀਨੇ ਦੀ ਪਾਬੰਦੀ ਲਾਉਣ ਮਗਰੋਂ ਪੇਨ ਨੂੰ ਟੀਮ ਦੀ ਵਾਂਗਡੋਰ ਸੌਂਪੀ ਗਈ।