ਲੀਡਜ਼: ਇੰਗਲੈਂਡ ਦੀ ਟੀਮ ਬੇਨ ਸਟੋਕਸ (80 ਦੌੜਾਂ) ਅਤੇ ਤੇਜ਼ ਗੇਂਦਬਾਜ਼ ਮਾਰਕ ਵੁੱਡ (ਅੱਠ ਗੇਂਦਾਂ ’ਚ 24 ਦੌੜਾਂ) ਦੀਆਂ ਹਮਲਾਵਰ ਪਾਰੀਆਂ ਦੇ ਬਾਵਜੂਦ ਅੱਜ ਇੱਥੇ ਤੀਜੇ ਐਸ਼ੇਜ਼ ਟੈਸਟ ਮੈਚ ਦੇ ਦੂਜੇ ਦਿਨ ਪਹਿਲੀ ਪਾਰੀ 237 ਦੌੜਾਂ ’ਤੇ ਸਿਮਟ ਗਈ, ਜਿਸ ਮਗਰੋਂ ਆਸਟਰੇਲੀਆ ਨੇ ਚਾਹ ਦੇ ਸਮੇਂ ਮਗਰੋਂ ਦੋ ਵਿਕਟ ਗੁਆ ਕੇ 70 ਦੌੜਾਂ ਬਣਾ ਲਈਆਂ ਸਨ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 263 ਦੌੜਾਂ ਬਣਾਈਆਂ ਸਨ ਜਿਸ ਤੋਂ ਇੰਗਲੈਂਡ ਦੀ ਟੀਮ 26 ਦੌੜਾਂ ਤੋਂ ਪੱਛੜ ਗਈ ਹੈ। ਦੂਜੀ ਪਾਰੀ ’ਚ ਆਸਟਰੇਲੀਆ ਨੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੀ ਵਿਕਟ ਤੀਜੇ ਹੀ ਓਵਰ ’ਚ ਗੁਆ ਦਿੱਤੀ ਤੇ ਉਸ ਮਗਰੋਂ ਮਾਰਨਸ ਲਾਬੂਸ਼ੇਨ ਆਊਟ ਹੋ ਗਿਆ। ਇਸ ਸਮੇਂ ਉਸਮਾਨ ਖਵਾਜਾ ਤੇ ਸਟੀਵ ਸਮਿੱਥ ਕਰੀਜ਼ ’ਤੇ ਡਟੇ ਹੋਏ ਸਨ। ਇਸ ਤੋਂ ਪਹਿਲਾਂ ਦਿਨੇ ਇੰਗਲੈਂਡ ਨੇ ਦੁਪਹਿਰ ਦੇ ਖਾਣੇ ਤੱਕ ਸੱਤ ਵਿਕਟਾਂ ਗੁਆ ਕੇ 142 ਦੌੜਾਂ ਬਣਾਈਆਂ ਸਨ। ਇਸ ਮਗਰੋਂ ਬੇਨ ਸਟੋਕਸ ਨੇ ਆਪਣਾ ਨੀਮ ਸੈਂਕੜਾ ਪੂਰਾ ਕੀਤਾ। ਉਸ ਨੇ ਆਪਣੀ ਪਾਰੀ ਦੌਰਾਨ ਪੰਜ ਛੱਕੇ ਤੇ ਛੇ ਚੌਕੇ ਜੜੇ।