ਮੁੰਬਈ, 22 ਅਪਰੈਲ
ਬੌਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਅੱਜ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨਾਲ ਆਪਣੀ ਵਿਆਹ ਵਰ੍ਹੇਗੰਢ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਐਸ਼ਵਰਿਆ ਅਤੇ ਅਦਾਕਾਰ ਅਭਿਸ਼ੇਕ ਬੱਚਨ ਨੇ ਬੀਤੇ ਦਿਨ ਆਪਣੇ ਵਿਆਹ ਦੀ 14ਵੀਂ ਵਰ੍ਹੇਗੰਢ ਮਨਾਈ ਸੀ। ਅੱਜ ਇੰਸਟਾਗ੍ਰਾਮ ’ਤੇ ਐਸ਼ਵਰਿਆ ਨੇ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਹ ਆਪਣੀ ਧੀ ਨਾਲ ਦਿਖਾਈ ਦੇ ਰਹੀ ਹੈ ਅਤੇ ਇਸ ਤਸਵੀਰ ਵਿੱਚ ਅਭਿਸ਼ੇਕ ਉਨ੍ਹਾਂ ਨਾਲ ਵੀਡੀਓ ਕਾਲ ਰਾਹੀਂ ਜੁੜਦੇ ਨਜ਼ਰ ਆ ਰਹੇ ਹਨ। ਐਸ਼ਵਰਿਆ ਨੇ ਤਸਵੀਰ ਦੇ ਹੇਠਾਂ ਦਿਲ ਵਾਲੀ ਇਮੋਜ਼ੀ ਪੋਸਟ ਕੀਤੀ ਹੈ। ਇਹ ਜੋੜਾ ਅਭਿਸ਼ੇਕ ਦੀ ਮੁੰਬਈ ਸਥਿਤ ਰਿਹਾਇਸ਼ ਪ੍ਰਤੀਕਸ਼ਾ ’ਤੇ 20 ਅਪਰੈਲ, 2007 ਨੂੰ ਵਿਆਹ ਦੇ ਬੰਧਨ ਵਿੱਚ ਬੱਝਿਆ ਸੀ। ਟੀਨਾ ਅੰਬਾਨੀ ਨੇ ਵੀ ਅੱਜ ਸੋਸ਼ਲ ਮੀਡੀਆ ’ਤੇ ਜੋੜੇ ਦੀ ਤਸਵੀਰ ਸਾਂਝੀ ਕਰਦਿਆਂ ਵਿਆਹ ਵਰ੍ਹੇਗੰਢ ਦੀ ਵਧਾਈ ਦਿੱਤੀ। ਉਸ ਨੇ ਲਿਖਿਆ, ‘‘ਯਕੀਨ ਨਹੀਂ ਹੋ ਕਿਹਾ ਕਿ ਤੁਹਾਡੇ ਵਿਆਹ ਨੂੰ 14 ਸਾਲ ਹੋ ਗਏ! ਹਾਲੇ ਵੀ ਪਿਆਰ ਵਿੱਚ ਪਾਗਲ, ਬੇਹੱਦ ਖੂਬਸੂਰਤ ਅਤੇ ਅਰਾਧਿਆ ਦੇ ਸ਼ਾਨਦਾਰ ਮਾਪੇ। ਦੁਆਵਾਂ ਅਤੇ ਢੇਰ ਸਾਰਾ ਪਿਆਰ… ਵਿਆਹ ਵਰ੍ਹੇਗੰਢ ਦੀ ਵਧਾਈ।’’