ਕੈਲਗਰੀ- ਸਾਬਕਾ ਫੈਡਰਲ ਕੰਜ਼ਰਵੇਟਿਵ ਕੈਬਨਿਟ ਮੰਤਰੀ ਜੇਸਨ ਕੇਨੀ ਪ੍ਰੋਵਿੰਸ ਦੀ ਨਵੀਂ ਪਾਰਟੀ ਦੇ ਆਗੂ ਹੋਣ ਨਾਤੇ ਅੱਜ ਐਲਬਰਟਾ ਵਿਧਾਨਸਭਾ ‘ਚ ਸੀਟ ਜਿੱਤਣੀ ਚਾਹੁੰਦੇ ਹਨ। ਕੈਲਗਰੀ ‘ਚ ਲੌਹੀਡ ‘ਚ ਜ਼ਿਮਨੀ ਚੋਣਾਂ ਇਸ ਲਈ ਵੀ ਜ਼ਰੂਰੀ ਹੋ ਗਈਆਂ ਹਨ ਕਿਉਂਕਿ ਯੂਨਾਈਟਿਡ ਕੰਜ਼ਰਵੇਟਿਵਜ਼ ਦੇ ਮੈਂਬਰ ਡੇਵ ਰੌਡਨੀ ਨੇ ਕੇਨੀ ਲਈ ਥਾਂ ਬਣਾਉਣ ਵਾਸਤੇ ਆਪਣਾ ਅਹੁਦਾ ਛੱਡ ਦਿੱਤਾ। ਜ਼ਿਕਰਯੋਗ ਹੈ ਕਿ ਕੇਨੀ 28 ਅਕਤੂਬਰ ਨੂੰ ਪਾਰਟੀ ਆਗੂ ਬਣੇ ਸਨ। ਐਲਬਰਟਾ ਦੀਆਂ ਦੋ ਸੱਜੇ ਪੱਖੀ ਪਾਰਟੀਆਂ, ਪ੍ਰੋਗਰੈਸਿਵ ਕੰਜ਼ਰਵੇਟਿਵਜ਼ ਅਤੇ ਵਾਈਲਡਰੋਜ਼, ਦੇ ਰਲੇਵੇਂ ਪਿੱਛੇ ਕੇਨੀ ਦਾ ਹੀ ਹੱਥ ਸੀ। ਕੇਨੀ ਨੂੰ ਇਸ ਲਈ ਵੀ ਵਿਧਾਨਸਭਾ ‘ਚ ਸੀਟ ਚਾਹੀਦੀ ਹੈ ਤਾਂ ਕਿ ਉਹ 2019 ਦੀਆਂ ਪ੍ਰੋਵਿੰਸ਼ੀਅਲ ਚੋਣਾਂ ਤੋਂ ਪਹਿਲਾਂ ਐਨ. ਡੀ. ਪੀ. ਪ੍ਰੀਮੀਅਰ ਰੇਚਲ ਨੌਟਲੇ ਨੂੰ ਟੱਕਰ ਦੇਣ ਲਈ ਪੂਰੀ ਤਿਆਰੀ ਕਰ ਸਕਣ।
ਆਪਣੇ ਹਲਕੇ ਦੇ 7 ਉਮੀਦਵਾਰਾਂ ‘ਚੋਂ ਕੇਨੀ ਇੱਕ ਹਨ। ਇੱਥੋਂ ਦੇ ਲੋਕ ਰਵਾਇਤੀ ਤੌਰ ‘ਤੇ ਹੀ ਕੰਜ਼ਰਵੇਟਿਵਾਂ ਨੂੰ ਵੋਟ ਪਾਉਂਦੇ ਹਨ। ਮਾਊਂਟ ਰੌਇਲ ਯੂਨੀਵਰਸਿਟੀ ‘ਚ ਰਾਜਨੀਤੀ ਸ਼ਾਸਤਰ ਦੀ ਮਾਹਿਰ ਲੋਰੀ ਵਿਲੀਅਮਜ਼ ਨੂੰ ਆਸ ਹੈ ਕਿ ਕੇਨੀ ਜਿੱਤ ਜਾਣਗੇ। ਪਰ ਉਨ੍ਹਾਂ ਮੁਤਾਬਕ ਕੇਨੀ ਦੀ ਜਿੱਤ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ। ਜੇ ਟੱਕਰ ਜ਼ਬਰਦਸਤ ਹੋਵੇਗੀ ਤਾਂ ਇਸ ਤੋਂ ਇਹੋ ਪਤਾ ਲੱਗੇਗਾ ਕਿ ਐਲਬਰਟਾ ਦੀ ਸਿਆਸਤ ‘ਚ ਕਾਫੀ ਵੰਨ-ਸੁਵੰਨਤਾ ਹੈ।
ਕੇਨੀ ਮੁਤਾਬਕ ਐਲਬਰਟਾ ਕੰਜ਼ਰਵੇਟਿਵ ਪ੍ਰੋਵਿੰਸ ਹੈ ਤੇ ਐਨ. ਡੀ. ਪੀ. ਨੇ ਕਿਸੇ ਤਰ੍ਹਾਂ ਅਲਬਰਟਾ ਵਾਸੀਆਂ ਨੂੰ ਆਪਣੇ ਲਈ ਵੋਟਿੰਗ ਕਰਨ ਲਈ ਮਨਾ ਲਿਆ। ਕੇਨੀ ਨੇ ਆਖਿਆ ਕਿ ਘਰ ਘਰ ਜਾਣ ‘ਤੇ ਉਨ੍ਹਾਂ ਨੂੰ ਕਾਫੀ ਸਕਾਰਾਤਮਕ ਹੁੰਗਾਰਾ ਮਿਲਿਆ। ਪਰ ਉਨ੍ਹਾਂ ਇਹ ਗੱਲ ਵੀ ਨੋਟ ਕੀਤੀ ਕਿ ਸਿਰਫ ਇੱਕ ਤਿਹਾਈ ਵੋਟਰ ਹੀ ਜ਼ਿਮਨੀ ਚੋਣਾਂ ‘ਚ ਵੋਟਾਂ ਪਾਉਣ ਲਈ ਪਹੁੰਚੇ। ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਇਸ ਤੋਂ ਬਿਹਤਰ ਕਰਨ ਦੀ ਉਮੀਦ ਕਰ ਸਕਦੇ ਹਾਂ ਪਰ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਇਹ ਕ੍ਰਿਸਮਸ ਦੇ ਦਿਨ ਚੱਲ ਰਹੇ ਹਨ ਅਤੇ ਲੋਕਾਂ ਸਾਲ ਦੇ ਇਸ ਵਕਤ ਕਾਫੀ ਮਸ਼ਰੂਫ ਹੁੰਦੇ ਹਨ। ਇਸ ਲਈ ਬਹੁਤੇ ਲੋਕ ਇਹੋ ਜਿਹੇ ਸਮੇਂ ‘ਚ ਸਿਆਸਤ ਬਾਰੇ ਸੋਚ ਕੇ ਵਕਤ ਨਹੀਂ ਲੰਘਾ ਸਕਦੇ।
ਕੇਨੀ ਨੂੰ ਐਨ. ਡੀ. ਪੀ. ਦੇ ਉਮੀਦਵਾਰ ਫਿਲਿਪ ਵੈਨ ਡਰ ਮਰਵਿਊ, ਜੋ ਕਿ ਡਾਕਟਰ ਹੈ, ਅਲਬਰਟਾ ਦੇ ਲਿਬਰਲ ਆਗੂ ਡੇਵਿਡ ਖਾਨ ਤੇ ਨਿਊ ਗ੍ਰੀਨ ਪਾਰਟੀ ਦੇ ਆਗੂ ਰੋਮੀ ਟਿਟਲ ਤੋਂ ਕਾਫੀ ਟੱਕਰ ਮਿਲ ਰਹੀ ਹੈ।