ਨਵੀਂ ਦਿੱਲੀ, 17 ਮਾਰਚ

ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਅੱਜ ਕਿਹਾ ਕਿ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐਲਏਸੀ) ’ਤੇ ਸਥਿਰਤਾ ਹੈ ਪਰ ਇਸ ਦੇ ਬਾਵਜੂਦ ਨੇੜਿਓਂ ਨਜ਼ਰ ਰੱਖਣ ਦੀ ਲੋੜ ਹੈ। ‘ਇੰਡੀਆ ਟੂਡੇ ਐਨਕਲੇਵ’ ਵਿਚ ਗੱਲਬਾਤ ਕਰਦਿਆਂ ਜਨਰਲ ਪਾਂਡੇ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਪੂਰੀ ਐਲਏਸੀ ਦੇ ਨਾਲ ਸੈਨਾ ਦੀ ਤਾਇਨਾਤੀ ਕੀਤੀ ਹੈ। ਇਸ ਤੋਂ ਇਲਾਵਾ ਕਿਸੇ ਵੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਤਿਆਰੀ ਰੱਖੀ ਗਈ ਹੈ। ਜਨਰਲ ਨੇ ਕਿਹਾ ਕਿ ਤਾਇਨਾਤੀ ਵਿਚ ਕੋਈ ਕਮੀ ਨਹੀਂ ਕੀਤੀ ਗਈ ਹੈ। ਫ਼ੌਜ ਦੇ ਆਧੁਨਿਕੀਕਰਨ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ, ਵਿਸ਼ੇਸ਼ ਤੌਰ ਉਤੇ ਐਲਏਸੀ ਦੇ ਨਾਲ ਤਾਇਨਾਤ ਸੈਨਾ ਨੂੰ ਨਵੇਂ ਰੂਪ ਵਿਚ ਢਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਚੀਨ ਪੂਰਬੀ ਲੱਦਾਖ ਵਿਚ ਰਹਿੰਦੇ ਮਸਲਿਆਂ ਨੂੰ ਸੁਲਝਾਉਣ ਲਈ ਵਾਰਤਾ ਕਰ ਰਹੇ ਹਨ।