ਚੰਡੀਗੜ੍ਹ, 21 ਨਵੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਰਾਜ ਸਰਕਾਰ ਐਮ.ਪੀ. ਲੈਡ ਫੰਡ ਦੀ ਤਰਜ਼ ’ਤੇ ਐਮ.ਐਲ.ਏ. ਲੋਕਲ ਏਰੀਆ ਵਿਕਾਸ ਫੰਡ ਸਥਾਪਤ ਨਹੀਂ ਕਰ ਸਕਦੀ। ਵਿਧਾਨ ਸਭਾ ਵਿੱਚ ਵਿਧਾਇਕਾਂ ਦੇ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਵਿੱਤੀ ਹਾਲਤ ਇਜਾਜ਼ਤ ਨਹੀਂ ਦਿੰਦੀ ਕਿ ਇਸ ਤਰ੍ਹਾਂ ਦਾ ਫੰਡ ਸਥਾਪਤ ਕੀਤਾ ਜਾ ਸਕੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ਸਰਕਾਰ ਨੇ ਵਿਧਾਇਕਾਂ ਦਾ ਫੰਡ ਕਾਇਮ ਕਰਨ ਲਈ ਕੋਈ ਪ੍ਰਸਤਾਵ ਤਿਆਰ ਨਹੀਂ ਕੀਤਾ ਤੇ ਆਰਥਿਕ ਮੰਦੀ ਕਾਰਨ ਇਹ ਸੰਭਵ ਨਹੀਂ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਜਦੋਂ ਵਿਰੋਧੀ ਧਿਰ ਵਿੱਚ ਬੈਠੀ ਸੀ ਤਾਂ ਅਕਾਲੀ-ਭਾਜਪਾ ਸਰਕਾਰ ਤੋਂ ਵਿਧਾਇਕਾਂ ਨੂੰ ਗਰਾਂਟਾਂ ਜਾਰੀ ਕਰਨ ਲਈ ਸੰਸਦ ਮੈਂਬਰਾਂ ਦੀ ਤਰਜ਼ ’ਤੇ ਫੰਡ ਕਾਇਮ ਕਰਨ ਦੀ ਮੰਗ ਲਗਾਤਾਰ ਕੀਤੀ ਜਾਂਦੀ ਰਹੀ। ਇਸ ਤਰ੍ਹਾਂ ਦੀ ਮੰਗ ਇਸ ਸਮੇਂ ਵਿਰੋਧੀ ਧਿਰ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੇ ਤੋਂ ਪਹਿਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਰਜ਼ ’ਤੇ ਇਸ ਮੰਗ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ।
ਕਿਸਾਨਾਂ ਦੀ ਕਰਜ਼ਾ ਮੁਆਫ਼ੀ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਪ੍ਰਕਿਰਿਆ ਜੰਗੀ ਪੱਧਰ ’ਤੇ ਜਾਰੀ ਹੈ ਅਤੇ ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਜ਼ਿਲ੍ਹਿਆਂ ਦੇ ਯੋਗ ਕਿਸਾਨਾਂ ਦੀਆਂ ਸੂਚੀਆਂ ਸੌਂਪਣ ਦੇ ਹੁਕਮ ਦਿੱਤੇ ਹਨ। ਕਰਜ਼ਾ ਮੁਆਫ਼ੀ ਦਾ ਅਮਲ ਛੇਤੀ ਸ਼ੁਰੂ ਹੋ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਅਧੀਨ ਲਗਪਗ 10.25 ਲੱਖ ਕਰਜ਼ਾਈ ਪਰਿਵਾਰਾਂ ਨੂੰ 9500 ਕਰੋੜ ਰੁਪਏ ਦਾ ਲਾਭ ਪਹੁੰਚੇਗਾ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦਾ ਅਹੁਦਾ ਵਧਾ ਕੇ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਬਣਾਉਣ ਦੇ ਪ੍ਰਸਤਾਵ ਦਾ ਸਵਾਗਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਕਦਮ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਸੁਰਜੀਤੀ ਵਾਸਤੇ ਸਹੀ ਦਿਸ਼ਾ ਵਿੱਚ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਵਾਗਡੋਰ ਰਾਹੁਲ ਗਾਂਧੀ ਦੇ ਕਾਬਲ ਹੱਥਾਂ ਵਿੱਚ ਸੌਂਪਣ ਦਾ ਵੇਲਾ ਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਅੱਗੇ ਆਉਣ ਲਈ ਮੌਕਾ ਦੇਣ ਦੇ ਪੂਰੀ ਤਰ੍ਹਾਂ ਹੱਕ ਵਿੱਚ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਚੋਣ ਮੈਦਾਨ ਵਿੱਚ ਉਤਾਰੇ ਜਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨ ਚਿਹਰਿਆਂ ਨੂੰ ਸਿਆਸਤ ਵਿੱਚ ਲੈ ਕੇ ਆਉਣਾ ਮੁਲਕ ਦੇ ਹਿੱਤ ਵਿੱਚ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵਿੱਚ ਉਹ ਸਾਰੀਆਂ ਯੋਗਤਾਵਾਂ ਹਨ, ਜੋ ਕਾਂਗਰਸ ਨੂੰ ਮਜ਼ਬੂਤ ਤੇ ਦੂਰਅੰਦੇਸ਼ੀ ਅਗਵਾਈ ਦੇਣ ਲਈ ਲੋੜੀਂਦੀਆਂ ਹਨ।