ਚੰਡੀਗੜ੍ਹ, 2 ਜੁਲਾਈ:

ਸੁਚੇਤ ਨਾਗਰਿਕਾਂ ਲਈ “ਡਾਇਲ ਟੂ ਸਪੋਰਟ ਹੈਲਪਲਾਈਨ” ਇੱਕ ਅਜਿਹੀ ਸਹੂਲਤ ਹੈ ਜਿਸ ਰਾਹੀਂ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿਕਰੀ ਕਰਨ ਵਾਲੇ ਮੈਡੀਕਲ ਸਟੋਰਾਂ ਸਬੰਧੀ ਕਾਲ/ਸੰਦੇਸ਼/ਵਟਸਐਪ ਦੇ ਰੂਪ ‘ਚ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਉਪਰਾਲੇ ਦੀ ਸ਼ੁਰੂਆਤ ਨਾਲ 8000 ਪਾਬੰਦੀਸ਼ੁਦਾ ਗੋਲੀਆਂ ਤੇ ਕੈਪਸੂਲ ਜ਼ਬਤ ਕੀਤੇ ਗਏ ਹਨ। ਇਹ ਜਾਣਕਾਰੀ ਫੂਡ ਤੇ ਡਰੱਗ ਪ੍ਰਬੰਧਨ, ਪੰਜਾਬ ਦੇ ਕਮਿਸ਼ਨਰ ਸ੍ਰੀ ਕਾਹਨ ਸਿੰਘ ਪੰਨੂ ਨੇ ਦਿੱਤੀ।

ਇਸ ਸਬੰਧ ਜਾਣਕਾਰੀ ਦਿੰਦਿਆਂ ਸੀ.ਐਫ.ਡੀ.ਏ. ਨੇ ਕਿਹਾ ਕਿ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿਕਰੀ ਸਬੰਧੀ ਐਫ.ਡੀ.ਏ ਹੈਲਪਲਾਈਨ “ਡਾਇਲ ਟੂ ਸਪੋਰਟ ਹੈਲਪਲਾਈਨ” ਰਾਹੀਂ ਫਤਹਿਗੜ੍ਹ ਚੂੜੀਆਂ , ਗੁਰਦਾਸਪੁਰ ਦੇ ਮੈਡੀਕਲ ਸਟੋਰ ਸਬੰਧੀ ਸ਼ਿਕਾਇਤ ਮਿਲੀ ਸੀ। ਤੁਰੰਤ ਹਰਕਤ ਵਿੱਚ ਆਉਂਦਿਆਂ ਡਰੱਗ ਕੰਟਰੋਲ ਅਫਸਰ, ਗੁਰਦਾਸਪੁਰ-2 ਵੱਲੋਂ ਆਪਣੀ ਟੀਮ ਨਾਲ ਮਿਲਕੇ ਮੌਕੇ ‘ਤੇ ਕਾਰਵਾਈ ਕੀਤੀ ਗਈ। ਮੈਡੀਕਲ ਸਟੋਰ ਦੀ ਜਾਂਚ-ਪੜਤਾਲ ਤੋਂ ਬਾਅਦ ਟ੍ਰੈਮਾਂਡੋਲ, ਡਾਈਫਿਨੌਕਸੀਲੇਟ ਤੇ ਅਲਪ੍ਰਾਜ਼ੋਲਮ ਆਦਿ ਤੱਤਾਂ ਵਾਲੀਆਂ 8000 ਪਾਬੰਦੀਸ਼ੁਦਾ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਗਏ। ਇਹ ਸਾਰੀਆਂ ਦਵਾਈਆਂ ਜ਼ਬਤ ਕਰ ਲਈਆਂ ਗਈਆਂ ਕਿਉਂ ਜੋ ਦੁਕਾਨਦਾਰ ਇਨ੍ਹਾਂ ਦਵਾਈਆਂ ਸਬੰਧੀ ਕੋਈ ਵੀ ਰਿਕਾਰਫ ਪੇਸ਼ ਕਰਨ ਵਿੱਚ ਅਸਫ਼ਲ ਰਿਹਾ।

ਉਨ੍ਹਾਂ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਲੋਕ ਕਾਲੀਆਂ ਭੇਡਾਂ ਬਾਰੇ ਜਾਣਕਾਰੀ ਦੇਣ ਲਈ ਸਾਹਮਣੇ ਆ ਰਹੇ ਹਨ। ਲੋਕਾਂ ਦੇ ਸਹਿਯੋਗ ਅਤੇ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਸਦਕਾ ਮੈਡੀਕਲ ਸਟੋਰਾਂ ‘ਤੇ ਵਿਕ ਰਹੀਆਂ ਆਦਤ ਪਾਉਣ ਵਾਲੀਆਂ ਦਵਾਈਆਂ ਨਾਲ ਨਜਿੱਠਣ ਵਿੱਚ ਜ਼ਰੂਰ ਸਫਲਤਾ ਮਿਲੇਗੀ।

ਇਹ ਦੱਸਣਯੋਗ ਹੈ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੇ ਯਤਨਾਂ ਨੂੰ ਸਹਿਯੋਗ ਦਿੰਦਿਆਂ ਕਮਿਸ਼ਨਰੇਟ ਆਫ ਫੂਡ ਤੇ ਡਰੱਗ ਪ੍ਰਬੰਧਨ ਪੰਜਾਬ ਵੱਲੋਂ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿਕਰੀ ਕਰਨ ਵਾਲੇ ਮੈਡੀਕਲ ਸਟੋਰਾਂ ਦੀ ਜਾਣਕਾਰੀ ਦੇਣ ਸਬੰਧੀ ਇੱਕ ਵਿਸ਼ੇਸ਼ ਟੈਲੀਫੋਨ ਨੰਬਰ 98152 06006 “ਡਾਇਲ ਟੂ ਸਪੋਰਟ ਹੈਲਪਲਾਈਨ” ਅਤੇ ਈਮੇਲ ਆਈ.ਡੀ.punjabdrugscontrolorg0gmail.com ਇੱਕ ਦਿਨ ਪਹਿਲਾਂ ਹੀ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਦੁਕਾਨਦਾਰਾਂ ਸਬੰਧੀ ਜਾਣਕਾਰੀ ਦੇਣ ਵਾਲਿਆਂ ਦੀ ਸ਼ਨਾਖ਼ਤ ਗੁਪਤ ਰੱਖੀ ਜਾਵੇਗੀ।