ਭਾਰਤੀ-ਅਮਰੀਕੀ ਰਾਜਾ ਕ੍ਰਿਸ਼ਨਾਮੂਰਤੀ ਉਨ੍ਹਾਂ ਦੋ ਪ੍ਰਭਾਵਸ਼ਾਲੀ ਅਮਰੀਕੀ ਸੰਸਦ ਮੈਂਬਰਾਂ ’ਚ ਸ਼ਾਮਲ ਹਨ, ਜਿਨ੍ਹਾਂ ਨੇ ਗੂਗਲ ਅਤੇ ਐਪਲ ਨੂੰ ਚਿੱਠੀ ਲਿਖ ਕੇ ਅਪਣੇ ਐਪ ਸਟੋਰਾਂ ਤੋਂ ‘ਟਿਕਟਾਕ’ ਹਟਾਉਣ ਲਈ ਕਿਹਾ ਹੈ। ਰਾਸ਼ਟਰਪਤੀ ਜੋਅ ਬਾਈਡਨ ਵਲੋਂ ਅਪ੍ਰੈਲ ’ਚ ਦਸਤਖਤ ਕੀਤੇ ਗਏ ਬਿਲ ਮੁਤਾਬਕ ਟਿਕਟਾਕ ਦੀ ਮਾਲਕ ਚੀਨ ਦੀ ਬਾਈਟਡਾਂਸ ਨੂੰ 19 ਜਨਵਰੀ ਤਕ ਕੰਪਨੀ ਤੋਂ ਵੱਖ ਹੋਣਾ ਹੋਵੇਗਾ ਜਾਂ ਫਿਰ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ।

ਚੀਨ ਮਾਮਲਿਆਂ ’ਤੇ ਸਦਨ ਦੀ ਸਥਾਈ ਕਮੇਟੀ ਦੇ ਚੇਅਰਮੈਨ ਜੌਨ ਮੁਲਨਾਰ ਅਤੇ ਸੀਨੀਅਰ ਮੈਂਬਰ ਕ੍ਰਿਸ਼ਨਾਮੂਰਤੀ ਨੇ ਸ਼ੁਕਰਵਾਰ ਨੂੰ ਐਪਲ ਦੇ ਸੀ.ਈ.ਓ. ਟਿਮ ਕੁਕ, ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਅਤੇ ਟਿਕਟਾਕ ਦੇ ਸੀ.ਈ.ਓ. ਐਸ.ਐਚ.ਓ. ਜੀ ਚੂ ਨੂੰ ਚਿੱਠੀ ਲਿਖਿਆ।

ਸੰਸਦ ਮੈਂਬਰਾਂ ਨੇ ਕੁੱਕ ਅਤੇ ਪਿਚਾਈ ਨੂੰ 19 ਜਨਵਰੀ ਤਕ ਅਪਣੇ ਪਲੇਅ ਸਟੋਰ ਤੋਂ ਟਿਕਟਾਕ ਨੂੰ ਹਟਾਉਣ ਲਈ ਤਿਆਰ ਰਹਿਣ ਲਈ ਕਿਹਾ। ਟਿਕਟਾਕ ਦੇ ਸੀ.ਈ.ਓ. ਨੂੰ ਲਿਖੀ ਚਿੱਠੀ ’ਚ ਉਨ੍ਹਾਂ ਨੇ ਚੂ ਨੂੰ ਤੁਰਤ ਵਿਨਿਵੇਸ਼ ਦਾ ਪ੍ਰਸਤਾਵ ਦੇਣ ਲਈ ਕਿਹਾ ਹੈ, ਜਿਸ ਨੂੰ ਉਹ ਮਨਜ਼ੂਰ ਕਰ ਸਕਦੇ ਹਨ।

ਸੰਸਦ ਮੈਂਬਰਾਂ ਦੀ ਇਹ ਟਿਪਣੀ ਅਜਿਹੇ ਸਮੇਂ ਆਈ ਹੈ ਜਦੋਂ ਸੰਘੀ ਅਪੀਲ ਅਦਾਲਤ ਨੇ ਕਾਂਗਰਸ ਵਲੋਂ ਪਾਸ ਕੀਤੇ ਗਏ ਕਾਨੂੰਨ ਵਿਚ ਦਖਲ ਦੇਣ ਤੋਂ ਇਨਕਾਰ ਕਰ ਦਿਤਾ ਹੈ, ਜਿਸ ਤਹਿਤ ਟਿਕਟਾਕ ਨੂੰ ਜਨਵਰੀ ਦੇ ਅੱਧ ਤਕ ਅਪਣਾ ਅਮਰੀਕੀ ਕਾਰੋਬਾਰ ਕਿਸੇ ਸਥਾਨਕ ਕੰਪਨੀ ਨੂੰ ਵੇਚਣਾ ਹੋਵੇਗਾ ਜਾਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ।

ਕੰਪਨੀ ਨੇ ਅਮਰੀਕੀ ਸਰਕਾਰ ਦੇ ਫੈਸਲੇ ਨੂੰ ਚੁਨੌਤੀ ਦਿਤੀ ਸੀ ਅਤੇ ਸੁਪਰੀਮ ਕੋਰਟ ਦੇ ਅੰਤਿਮ ਫੈਸਲੇ ਤਕ ਇਸ ਨੂੰ ਲਾਗੂ ਕਰਨ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ, ਜਿਸ ਨੂੰ ਫੈਡਰਲ ਅਪੀਲ ਕੋਰਟ ਨੇ ਖਾਰਜ ਕਰ ਦਿਤਾ ਸੀ। ਟਿਕਟਾਕ ਅਤੇ ਇਸ ਦੀ ਮੂਲ ਕੰਪਨੀ ਬਾਈਟਡਾਂਸ ਅਪੀਲ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ’ਚ ਚੁਨੌਤੀ ਦੇ ਸਕਦੀ ਹੈ।