ਟੋਰਾਂਟੋ, 17 ਜਨਵਰੀ
ਕੈਨੇਡਾ ਦੀ ਕੌਮੀ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਹੁਰਾਂ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਦੀ ਕੁੜਮਾਈ ਹੋ ਗਈ ਹੈ। ਦਸੰਬਰ ’ਚ ਸੋਸ਼ਲ ਮੀਡੀਆ ’ਤੇ ਉਸ ਦੇ ‘ਰੋਕੇ’ ਦੀਆਂ ਖਬਰਾਂ ਨਸ਼ਰ ਹੋਈਆਂ ਸਨ ਪਰ ਉਦੋਂ ਉਨ੍ਹਾਂ ਇਸ ਨੂੰ ਸਿਰਫ ਦੋਹਾਂ ਪਰਿਵਾਰਾਂ ਦੀ ਮਿਲਣੀ ਹੀ ਆਖਿਆ ਸੀ।
ਜਗਮੀਤ ਸਿੰਘ ਨੇ ਇੱਕ ਨਿੱਜੀ ਸਮਾਗਮ ਵਿੱਚ ਆਪਣੀ ਦੋਸਤ ਗੁਰਕਿਰਨ ਕੌਰ ਸਿੱਧੂ (27) ਨਾਲ ਮੁੰਦੀਆਂ ਵਟਾ ਕੇ ਆਪਣੀ ਚਿਰੋਕਣੀ ਮੁਹੱਬਤ ਤੋਂ ਪਰਦਾ ਚੁੱਕ ਦਿੱਤਾ ਹੈ। ਗੁਰਕਿਰਨ ਇੱਕ ਫੈਸ਼ਨ ਡਿਜ਼ਾਈਨਰ ਹੈ ਅਤੇ ਉਸ ਨੇ ਪੰਜਾਬੀ ਪਹਿਰਾਵੇ ‘ਜੰਗੀਰੋ’ ਨਾਂ ਹੇਠ ਲਾਂਚ ਕੀਤੇ ਹਨ। ਅੰਮ੍ਰਿਤਧਾਰੀ ਜਗਮੀਤ ਸਿੰਘ (38) ਪਿਛਲੇ ਸਾਲ ਐਨਡੀਪੀ ਦੇ ਕੌਮੀ ਨੇਤਾ ਚੁਣੇ ਗਏ ਸੀ ਅਤੇ ਉਨ੍ਹਾਂ ਨੂੰ ਭਵਿੱਖ ਦੇ ਉਭਰਦੇ ਲੀਡਰ ਵਜੋਂ ਵੇਖਿਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਦੋਵਾਂ ਪਰਿਵਾਰਾਂ ਦੇ ਨੇੜਲੇ ਸ਼ਾਮਲ ਸਨ। ਸੋਸ਼ਲ ਮੀਡੀਆ ’ਤੇ ਦੋਹਾਂ ਨੂੰ ਖੂਬ ਵਧਾਈਆਂ ਮਿਲ ਰਹੀਆਂ ਹਨ।