ਓਟਵਾ, 19 ਫਰਵਰੀ : ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਜਨਤਕ ਜਾਂਚ ਕਰਵਾਏ ਜਾਣ ਦੀ ਫੈਡਰਲ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ। ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਪੀਐਮਓ ਦੀ ਦਖਲਅੰਦਾਜ਼ੀ ਦੇ ਲੱਗ ਰਹੇ ਦੋਸ਼ਾਂ ਦੇ ਸਬੰਧ ਵਿੱਚ ਐਨਡੀਪੀ ਇਹ ਜਾਂਚ ਕਰਵਾਉਣੀ ਚਾਹੁੰਦੀ ਹੈ।
ਸੋਮਵਾਰ ਨੂੰ ਬਰਨਾਬੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਮੀਤ ਸਿੰਘ ਨੇ ਆਖਿਆ ਕਿ ਅਸੀਂ ਇਸ ਮਾਮਲੇ ਦੀ ਤਹਿ ਤੱਕ ਜਾਣਾ ਚਾਹੁੰਦੇ ਹਾਂ, ਇਸੇ ਲਈ ਸਾਡੇ ਵੱਲੋਂ ਇਸ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਐਨਡੀਪੀ ਇਸ ਸਬੰਧ ਵਿੱਚ ਕਿਸੇ ਸਾਬਕਾ ਜੱਜ ਤੋਂ ਮਾਮਲੇ ਦੀ ਆਜ਼ਾਦਾਨਾ ਜਾਂਚ ਕਰਵਾਉਣ ਦਾ ਮਤਾ ਪੇਸ਼ ਕਰੇਗੀ। ਇਹ ਵੀ ਉਮੀਦ ਹੈ ਕਿ ਇਸ ਮਤੇ ਉੱਤੇ ਬਹਿਸ ਕਰਨ ਤੋਂ ਬਾਅਦ ਬੁੱਧਵਾਰ ਨੂੰ ਐਮਪੀਜ਼ ਇਸ ਉੱਤੇ ਵੋਟ ਕਰਨਗੇ। ਭਾਵੇਂ ਵਿਰੋਧੀ ਧਿਰ ਵੱਲੋਂ ਲਿਆਂਦੇ ਜਾਣ ਵਾਲੇ ਇਸ ਮਤੇ ਦੇ ਹੱਕ ਵਿੱਚ ਲਿਬਰਲ ਐਮਪੀਜ਼ ਵੀ ਭੁਗਤਣ ਪਰ ਉਹ ਸਰਕਾਰ ਨੂੰ ਕਾਰਵਾਈ ਕਰਨ ਲਈ ਰਾਜ਼ੀ ਨਹੀਂ ਕਰ ਸਕਦੇ।
ਜ਼ਿਕਰਯੋਗ ਹੈ ਕਿ ਗਲੋਬ ਐਂਡ ਮੇਲ ਅਖਬਾਰ ਵੱਲੋਂ ਪਿਛਲੇ ਦਿਨੀਂ ਖੁਲਾਸੇ ਕੀਤੇ ਗਏ ਹਨ ਕਿ ਲਿਬਰਲ ਸਰਕਾਰ ਨੇ ਦਰਅਸਲ ਆਪਣੀ ਇਸ ਚਹੇਤੀ ਕੰਪਨੀ ਨੂੰ ਲਾਭ ਦੇਣ ਲਈ ਅਟਾਰਨੀ ਜਨਰਲ ਉੱਤੇ ਦਬਾਅ ਪਾ ਕੇ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਵਿਲਸਨ ਰੇਅਬੋਲਡ ਵੀ ਇਹ ਆਖ ਚੁੱਕੀ ਹੈ ਕਿ ਸਾਬਕਾ ਏਜੀ ਹੁੰਦਿਆਂ ਸਾਲੀਸਿਟਰ ਕਲਾਇੰਟ ਪ੍ਰਿਵਲੇਜ ਨਾਲ ਉਹ ਬੱਝੀ ਹੋਈ ਸੀ। ਉਨ੍ਹਾਂ ਨਾ ਤਾਂ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਕੀਤੀ ਤੇ ਨਾ ਹੀ ਇਨ੍ਹਾਂ ਰਿਪੋਰਟਾਂ ਤੋਂ ਇਨਕਾਰ ਹੀ ਕੀਤਾ ਹੈ ਕਿ ਉਨ੍ਹਾਂ ਉੱਤੇ ਇਸ ਮਾਮਲੇ ਵਿੱਚ ਦਬਾਅ ਪਾਇਆ ਗਿਆ ਸੀ।