ਸੁਰਿੰਦਰ ਅੱਜ ਸਵੇਰੇ ਜਲਦੀ ਉੱਠ ਗਿਆ। ਉਸ ਨੇ ਉੱਠਣ ਸਾਰ ਸਿੱਧਾ ਬਾਥਰੂਮ ਵਿਚ ਜਾ ਬੁਰਸ਼ ਕਰ ਕੇ ਨਹਾ ਧੋ ਲਿਆ। ਸ਼ੀਸ਼ੇ ਅੱਗੇ ਖੜ੍ਹ ਗੁਲਾਬੀ ਰੰਗ ਦੀ ਪੱਗ ਬੰਨ੍ਹੀ ਅਤੇ ਮੁੱਛਾਂ ਨੂੰ ਔਲੇ ਦਾ ਤੇਲ ਲਾ ਕੇ ਵੱਟ ਦਿੱਤਾ। ਚਿੱਟਾ ਕੁੜਤਾ ਪਜਾਮਾ ਪਾ ਕੇ ਕਾਲ਼ੀ ਐਨਕ ਲਾ ਜਿਵੇਂ ਹੀ ਬੁਲੇਟ ਮੋਟਰਸਾਈਕਲ ’ਤੇ ਕੱਪੜਾ ਮਾਰਨ ਲੱਗਾ ਤਾਂ ਪਿੱਛੋਂ ਤੂੜੀ ਵਾਲੀ ਸਬ੍ਹਾਤ ਦੇ ਬਾਹਰ ਵਾਣ ਦੇ ਮੰਜੇ ’ਤੇ ਬੈਠੇ ਸੱਤਰ ਕੁ ਸਾਲ ਦੇ ਬੰਤਾ ਸਿਹੁੰ ਨੇ ਜੇਬ੍ਹ ’ਚੋਂ ਪੁਰਾਣੀ ਜਿਹੀ ਐਨਕ ਕੱਢਦਿਆਂ ਆਵਾਜ਼ ਮਾਰੀ, ‘‘ਪੁੱਤ ਛਿੰਦਿਆ! ਜੇ ਸ਼ਹਿਰ ਚੱਲਿਐਂ ਤਾਂ ਮੇਰੀ ਐਨਕ ਲੈ ਜਾ। ਪੁੱਤ, ਮਹੀਨਾ ਹੋ ਗਿਆ ਡੰਡੀ ਟੁੱਟੀ ਨੂੰ। ਮੈਥੋਂ ਅਖਬਾਰ ਨੀਂ ਪੜ੍ਹਿਆ ਜਾਂਦਾ ਪੁੱਤ।’’ ਛਿੰਦਾ ਆਪਣੀਆਂ ਅੱਖਾਂ ਤੋਂ ਕਾਲ਼ੀ ਐਨਕ ਲਾਹੁੰਦਾ ਹੋਇਆ ਉੱਚੀ ਆਵਾਜ਼ ਵਿਚ ਬੋਲਿਆ, ‘‘ਓ ਬਾਪੂ, ਐਨਕ ਨੂੰ ਤੂੰ ਕਿਹੜਾ ਹੁਣ ਅਲਜਬਰਾ ਪੜ੍ਹਨੈਂ? ਨਾਲੇ ਮੈਂ ਸ਼ਹਿਰ ਨੀਂ ਚਲਿਆ। ਅਸੀਂ ਤਾਂ ਅੱਜ ਕਲੱਬ ਆਲ਼ੇ ਮੁੰਡਿਆਂ ਨੇ ਪਿੰਡ ਦੇ ਗੁਰਦੁਆਰੇ ਅੱਖਾਂ ਦੀਆਂ ਬਿਮਾਰੀਆਂ ਦਾ ਕੈਂਪ ਲਾਉਣੈਂ। ਚੋਟੀ ਦੇ ਡਾਕਟਰ ਸੱਦੇ ਐ।’’ ਇਹ ਕਹਿੰਦਾ ਛਿੰਦਾ ਅੱਖਾਂ ’ਤੇ ਐਨਕ ਲਾ ਕੇ ਬੁਲੇਟ ਦੀ ਦੁੱਗ ਦੁੱਗ ਕਰਦਾ ਬਾਹਰ ਹੋਇਆ ਘਰੋਂ ਬਾਹਰ ਨਿਕਲ ਗਿਆ।